ਜੇ ਤੁਸੀਂ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਦੀਆਂ ਦਵਾਈਆਂ ਲੈਂਦੇ ਹੋ, ਤਾਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖੋ

    • ਲੇਖਕ, ਨਾਓਮੀ ਮਿਹਾਰਾ
    • ਰੋਲ, ਬੀਬੀਸੀ ਫਿਊਚਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਇਸ ਸਾਲ ਜੂਨ ਵਿੱਚ ਜਦੋਂ ਯੂਰਪ ਵਿੱਚ ਭਿਆਨਕ ਗਰਮੀ ਪੈ ਰਹੀ ਸੀ, ਤਾਂ ਇਲਿਆਨਾ ਓਕੁਮੁਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਨ੍ਹਾਂ ਨੂੰ ਹੋਰ ਲੋਕਾਂ ਦੇ ਮੁਕਾਬਲੇ ਇੰਨੀ ਵੱਧ ਤਕਲੀਫ਼ ਕਿਉਂ ਹੋ ਰਹੀ ਹੈ।

ਉਹ ਕਹਿੰਦੇ ਹਨ, "ਜਿਵੇਂ ਹੀ ਮੈਂ ਆਪਣੇ ਅਪਾਰਟਮੈਂਟ ਤੋਂ ਬਾਹਰ ਨਿਕਲਦੀ ਸੀ, ਮੇਰੇ ਚਿਹਰੇ 'ਤੇ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਸੀ।"

ਬ੍ਰਸੇਲਜ਼ ਵਿੱਚ ਬਿਨਾਂ ਏਅਰ ਕੰਡੀਸ਼ਨਿੰਗ ਵਾਲੇ ਸਭ ਤੋਂ ਉੱਪਰਲੀ ਮੰਜ਼ਿਲ ਦੇ ਅਪਾਰਟਮੈਂਟ ਵਿੱਚ ਰਹਿਣ ਵਾਲੀ 28 ਸਾਲਾ ਇਲਿਆਨਾ ਨੇ ਰਾਹਤ ਲੈਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਜਿਵੇਂ ਕਿ ਦਫ਼ਤਰ ਜਾਂ ਨੇੜਲੇ ਕੈਫੇ ਵਿੱਚ ਜਾਣਾ। ਪਰ ਇਸ ਨਾਲ ਵੀ ਉਨ੍ਹਾਂ ਨੂੰ ਕੋਈ ਖ਼ਾਸ ਆਰਾਮ ਨਹੀਂ ਮਿਲਿਆ।

ਉਹ ਦੱਸਦੇ ਹਨ, "ਮੇਰੇ ਸਰੀਰ ਦਾ ਤਾਪਮਾਨ ਸਧਾਰਨ ਹੋਣ ਵਿੱਚ ਅੱਧਾ ਘੰਟਾ ਜਾਂ ਇੱਕ ਘੰਟਾ ਲੱਗ ਜਾਂਦਾ ਸੀ। ਇੱਕ ਦਿਨ ਤਾਂ ਅਪਾਰਟਮੈਂਟ ਦੇ ਅੰਦਰ ਤਾਪਮਾਨ 34 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮੈਨੂੰ ਲੱਗਦਾ ਹੈ ਕਿ ਉਸ ਦਿਨ ਮੈਂ ਲਗਭਗ 18 ਘੰਟੇ ਸੁੱਤੀ ਰਹੀ ਸੀ।"

ਉਨ੍ਹਾਂ ਨੂੰ ਜਾਗਣ ਵਿੱਚ ਮੁਸ਼ਕਲ ਆ ਰਹੀ ਸੀ ਅਤੇ ਉਨ੍ਹਾਂ ਨੂੰ ਚਿੰਤਾ ਸੀ ਕਿ ਕਿਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਤਾਂ ਘੱਟ ਨਹੀਂ ਗਿਆ।

ਓਕੁਮੁਸ ਲਈ ਤਿੱਖੀ ਗਰਮੀ ਕੋਈ ਨਵੀਂ ਗੱਲ ਨਹੀਂ ਸੀ। ਉਹ ਦੁਨੀਆ ਦੇ ਹੋਰ ਹਿੱਸਿਆਂ ਵਿੱਚ 40 ਡਿਗਰੀ ਸੈਲਸੀਅਸ ਤੱਕ ਦੀ ਗਰਮੀ ਦਾ ਸਾਹਮਣਾ ਕਰ ਚੁੱਕੀ ਸੀ।

ਫਿਰ ਵੀ, ਇਸ ਵਾਰ ਗਰਮੀ ਦਾ ਉਨ੍ਹਾਂ 'ਤੇ ਇੰਨਾ ਮਾੜਾ ਅਸਰ ਪਹਿਲੀ ਵਾਰ ਹੋਇਆ ਸੀ। ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਅਜਿਹੇ ਲੋਕਾਂ ਦੀਆਂ ਪੋਸਟਾਂ ਵੇਖੀਆਂ, ਜਿਨ੍ਹਾਂ ਨੂੰ ਵੀ ਉਨ੍ਹਾਂ ਵਰਗੀਆਂ ਹੀ ਮੁਸ਼ਕਲਾਂ ਆ ਰਹੀਆਂ ਸਨ, ਤਾਂ ਉਨ੍ਹਾਂ ਨੂੰ ਗਰਮੀ ਅਤੇ ਦਵਾਈਆਂ ਦੇ ਵਿਚਕਾਰ ਦਾ ਸਬੰਧ ਸਮਝ ਆਇਆ, ਜਿਹੜੀਆਂ ਉਨ੍ਹਾਂ ਨੇ ਦੋ ਸਾਲ ਪਹਿਲਾਂ ਡਿਪ੍ਰੈਸ਼ਨ ਅਤੇ ਐਂਜ਼ਾਇਟੀ (ਚਿੰਤਾ) ਲਈ ਲੈਣੀਆਂ ਸ਼ੁਰੂ ਕੀਤੀਆਂ ਸਨ।

ਜਲਵਾਯੂ ਪਰਿਵਰਤਨ (ਕਲਾਈਮੇਟ ਚੇਂਜ) ਕਾਰਨ ਹੀਟਵੇਵ (ਭਿਆਨਕ ਗਰਮੀ ਦੀ ਲਹਿਰ) ਦੀ ਸਮੱਸਿਆ ਲਗਾਤਾਰ ਹੋਰ ਗੰਭੀਰ ਹੁੰਦੀ ਜਾ ਰਹੀ ਹੈ।

ਅਜਿਹੇ ਹਾਲਾਤਾਂ ਵਿੱਚ ਡਾਕਟਰ ਅਤੇ ਸਿਹਤ ਸੰਸਥਾਵਾਂ ਚੇਤਾਵਨੀ ਦੇ ਰਹੀਆਂ ਹਨ ਕਿ ਕੁਝ ਆਮ ਦਵਾਈਆਂ, ਜਿਨ੍ਹਾਂ ਵਿੱਚ ਮਾਨਸਿਕ ਸਿਹਤ, ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ, ਸਰੀਰ ਦੀ ਤਾਪਮਾਨ ਨੂੰ ਕਾਬੂ ਕਰਨ ਦੀ ਸਮਰੱਥਾ 'ਤੇ ਅਸਰ ਪਾ ਸਕਦੀਆਂ ਹਨ। ਇਸ ਕਾਰਨ ਲੋਕਾਂ ਵਿੱਚ ਗਰਮੀ ਨਾਲ ਸਬੰਧਤ ਬਿਮਾਰੀਆਂ ਅਤੇ ਸਿਹਤ ਸਮੱਸਿਆਵਾਂ ਦਾ ਖਤਰਾ ਵੱਧ ਸਕਦਾ ਹੈ।

ਗਰਮੀ ਅਤੇ ਮਾਨਸਿਕ ਸਿਹਤ ਦੀਆਂ ਦਵਾਈਆਂ

ਡਿਪ੍ਰੈਸ਼ਨ, ਐਂਜ਼ਾਇਟੀ (ਚਿੰਤਾ) ਅਤੇ ਬਾਈਪੋਲਰ ਡਿਸਆਰਡਰ ਵਰਗੀਆਂ ਮਾਨਸਿਕ ਸਿਹਤ ਸਮੱਸਿਆਵਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਕਈ ਦਵਾਈਆਂ ਗਰਮੀ ਨਾਲ ਜੁੜੇ ਖ਼ਤਰਿਆਂ ਨੂੰ ਵਧਾ ਸਕਦੀਆਂ ਹਨ।

ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਹ ਦਵਾਈਆਂ ਹਾਈਪੋਥੈਲੇਮਸ 'ਤੇ ਅਸਰ ਪਾਂਦੀਆਂ ਹਨ। ਹਾਈਪੋਥੈਲੇਮਸ ਦਿਮਾਗ਼ ਦਾ ਉਹ ਹਿੱਸਾ ਹੈ ਜੋ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ।

ਰੋਬਰਟ ਫੈਡਰ, ਜੋ ਨਿਊ ਹੈਮਪਸ਼ਾਇਰ ਦੇ ਰਿਟਾਇਰਡ ਮਨੋਚਿਕਿਤਸਕ (ਸਾਈਕਿਆਟ੍ਰਿਸਟ) ਹਨ ਅਤੇ ਮੈਡੀਕਲ ਸੋਸਾਇਟੀ ਕਨਸੋਰਸ਼ੀਅਮ ਆਨ ਕਲਾਈਮਟ ਐਂਡ ਹੈਲਥ ਦੀ ਸਟੀਅਰਿੰਗ ਕਮੇਟੀ ਦੇ ਮੈਂਬਰ ਵੀ ਹਨ।

ਉਹ ਕਹਿੰਦੇ ਹਨ, "ਦਿਮਾਗ਼ ਦਾ ਇਹ ਹਿੱਸਾ ਸਾਨੂੰ ਆਪਣੀ ਸਰੀਰਕ ਗਤੀਵਿਧੀ ਘੱਟ ਕਰਨ, ਵੱਧ ਪਸੀਨਾ ਵਹਾਉਣ ਅਤੇ ਮੈਟਾਬੋਲਿਜ਼ਮ ਨੂੰ ਘਟਾਉਣ ਲਈ ਪ੍ਰੇਰਿਤ ਕਰਦਾ ਹੈ। ਇਹ ਸਾਰੇ ਬਦਲਾਅ ਗਰਮੀ ਨਾਲ ਨਜਿੱਠਣ ਲਈ ਲਾਭਦਾਇਕ ਹੁੰਦੇ ਹਨ।"

ਇਨ੍ਹਾਂ ਦਵਾਈਆਂ ਵਿੱਚ ਸਭ ਤੋਂ ਵੱਧ ਲਿਖੀਆਂ ਜਾਣ ਵਾਲੀਆਂ ਐਂਟੀਡਿਪ੍ਰੈਸੈਂਟ ਦਵਾਈਆਂ ਸ਼ਾਮਲ ਹਨ, ਜਿਵੇਂ ਕਿ ਸਿਲੈਕਟਿਵ ਸੇਰੋਟੋਨਿਨ ਰੀਅਪਟੇਕ ਇਨਹਿਬਿਟਰਜ਼ (SSRIs) ਅਤੇ ਸੇਰੋਟੋਨਿਨ ਅਤੇ ਨੌਰਐਪੀਨੇਫ੍ਰਿਨ ਰੀਅਪਟੇਕ ਇਨਹਿਬਿਟਰਜ਼ (SNRIs)।

ਇਸ ਸ਼੍ਰੇਣੀ ਦੀਆਂ ਦਵਾਈਆਂ ਵਿੱਚ ਸਰਟਰਾਲੀਨ, ਫਲੂਓਕਸੇਟੀਨ, ਐਸਸਿਟਾਲੋਪ੍ਰਾਮ ਅਤੇ ਵੇਨਲਾਫੈਕਸਿਨ ਸ਼ਾਮਲ ਹਨ।

ਇਹ ਦਵਾਈਆਂ ਦਿਮਾਗ਼ ਵਿੱਚ ਸੇਰੋਟੋਨਿਨ ਦੇ ਰੀਅਪਟੇਕ ਨੂੰ ਰੋਕ ਕੇ ਕੰਮ ਕਰਦੀਆਂ ਹਨ। ਸੇਰੋਟੋਨਿਨ ਇੱਕ ਕੁਦਰਤੀ ਰਸਾਇਣ ਹੈ ਜੋ ਮਨੋਦਸ਼ਾ (ਮੂਡ) ਅਤੇ ਸਰੀਰ ਦੇ ਹੋਰ ਕਈ ਕੰਮਾਂ ਨੂੰ ਨਿਯੰਤਰਿਤ ਕਰਦਾ ਹੈ।

ਹਾਈਪੋਥੈਲੇਮਸ ਵਿੱਚ ਸੇਰੋਟੋਨਿਨ ਦੀ ਬਹੁਤ ਜ਼ਿਆਦਾ ਮਾਤਰਾ ਸਰੀਰ ਦੇ ਤਾਪਮਾਨ ਨੂੰ ਨਿਯੰਤਰਿਤ ਕਰਨ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ ਅਤੇ ਬਹੁਤ ਜ਼ਿਆਦਾ ਪਸੀਨਾ ਆਉਣ ਦਾ ਕਾਰਨ ਬਣ ਸਕਦੀ ਹੈ। ਇਹ ਸਮੱਸਿਆ ਲਗਭਗ ਹਰ ਪੰਜ ਵਿੱਚੋਂ ਇੱਕ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ ਜੋ ਐਂਟੀਡਿਪ੍ਰੈਸੈਂਟ ਦਵਾਈਆਂ ਲੈ ਰਿਹਾ ਹੁੰਦਾ ਹੈ, ਜਿਸ ਕਾਰਨ ਸਰੀਰ ਵਿੱਚ ਇਲੈਕਟ੍ਰੋਲਾਈਟਸ ਦੀ ਕਮੀ ਹੋ ਸਕਦੀ ਹੈ।

ਫੈਡਰ ਕਹਿੰਦੇ ਹਨ, "ਜਦੋਂ ਤੁਸੀਂ ਪਹਿਲਾਂ ਹੀ ਵੱਧ ਤਾਪਮਾਨ ਕਾਰਨ ਇਲੈਕਟ੍ਰੋਲਾਈਟਸ ਦੀ ਕਮੀ ਨਾਲ ਜੂਝ ਰਹੇ ਹੋਵੋ, ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ।"

ਟ੍ਰਾਈਸਾਈਕਲਿਕ ਐਂਟੀਡਿਪ੍ਰੈਸੈਂਟਸ ਦੀ ਇੱਕ ਪੁਰਾਣੀ ਕਿਸਮ ਹੈ। ਇਹ ਕਈ ਵਾਰ ਬਹੁਤ ਜ਼ਿਆਦਾ ਪਸੀਨਾ ਆਉਣ ਦਾ ਕਾਰਨ ਬਣ ਸਕਦੀਆਂ ਹਨ ਜਾਂ ਫਿਰ ਪਸੀਨਾ ਆਉਣ ਤੋਂ ਰੋਕ ਸਕਦੀਆਂ ਹਨ। ਇਹ ਹਾਲਾਤ ਸਮੱਸਿਆ ਵਾਲੇ ਹਨ ਕਿਉਂਕਿ ਇਨ੍ਹਾਂ ਕਾਰਨਾਂ ਨਾਲ ਸਰੀਰ ਦਾ ਤਾਪਮਾਨ ਵੱਧ ਸਕਦਾ ਹੈ।

ਇਨ੍ਹਾਂ ਐਂਟੀਡਿਪ੍ਰੈਸੈਂਟਸ ਦਾ ਐਂਟੀਕੋਲਿਨਰਜਿਕ ਪ੍ਰਭਾਵ ਹੁੰਦਾ ਹੈ। ਇਸਦਾ ਮਤਲਬ ਹੈ ਕਿ ਇਹ ਐਸੀਟਾਈਲਕੋਲਿਨ ਨਾਮਕ ਨਿਊਰੋਟ੍ਰਾਂਸਮੀਟਰ ਦੀ ਗਤੀਵਿਧੀ ਨੂੰ ਰੋਕਦੀਆਂ ਹਨ। ਐਸੀਟਾਈਲਕੋਲਿਨ ਪਸੀਨਾ ਆਉਣ ਸਮੇਤ ਸਰੀਰ ਦੀਆਂ ਕਈ ਮਹੱਤਵਪੂਰਨ ਕਿਰਿਆਵਾਂ ਵਿੱਚ ਭੂਮਿਕਾ ਨਿਭਾਉਂਦਾ ਹੈ।

ਲਾਸ ਐਂਜਲਿਸ ਵਿੱਚ 36 ਸਾਲ ਦੀ ਕਰੀਅਰ ਕੋਚ ਕੈਰੋਲੀਨ ਫ੍ਰੈਸੇਨੇਟ 'ਤੇ ਇਸ ਗਰਮੀ ਦੌਰਾਨ ਤਿੰਨ ਵੱਖ-ਵੱਖ ਕਿਸਮਾਂ ਦੀਆਂ ਮਨੋਚਿਕਿਤਸਕ ਦਵਾਈਆਂ ਲੈਣ ਦਾ ਮਿਲਿਆ-ਜੁਲਿਆ ਅਸਰ ਪਿਆ।

ਇਹ ਦਵਾਈਆਂ ਐਂਟੀਡਿਪ੍ਰੈਸੈਂਟ, ਮੂਡ ਸਟੇਬਿਲਾਈਜ਼ਰ ਅਤੇ ਏਡੀਐਚਡੀ ਲਈ ਸਨ। ਜੁਲਾਈ ਵਿੱਚ ਬਹੁਤ ਲੰਬੀ ਅਤੇ ਹੁਮਸ ਭਰੀ ਹੀਟਵੇਵ ਦੌਰਾਨ, ਉਨ੍ਹਾਂ ਨੂੰ ਆਪਣਾ ਧਿਆਨ ਕੇਂਦ੍ਰਿਤ ਕਰਨ ਵਿੱਚ ਮੁਸ਼ਕਲ ਹੋਣ ਲੱਗੀ। ਉਹ ਵੱਧ ਚਿੜਚਿੜਾ ਮਹਿਸੂਸ ਕਰਨ ਲੱਗੇ ਅਤੇ ਉਨ੍ਹਾਂ ਨੂੰ ਆਮ ਨਾਲੋਂ ਵੱਧ ਪਸੀਨਾ ਆਉਣ ਲੱਗਾ।

ਸ਼ੁਰੂ ਵਿੱਚ ਉਨ੍ਹਾਂ ਨੂੰ ਲੱਗਾ ਕਿ ਇਹ ਲੱਛਣ ਖ਼ਰਾਬ ਖਾਣ-ਪੀਣ ਅਤੇ ਘੱਟ ਪਾਣੀ ਪੀਣ ਕਾਰਨ ਹਨ। ਫਿਰ ਉਨ੍ਹਾਂ ਦੇ ਮਾਨਸਿਕ ਸਿਹਤ ਸਹਾਇਤਾ ਸਮੂਹ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਗਰਮੀ ਅਤੇ ਦਵਾਈਆਂ ਦੇ ਵਿਚਕਾਰ ਸਬੰਧ ਬਾਰੇ ਦੱਸਣ ਵਾਲੇ ਲੇਖ ਭੇਜੇ। ਸਮੂਹ ਦੇ ਹੋਰ ਲੋਕਾਂ ਨੇ ਵੀ ਕਿਹਾ ਕਿ ਉਨ੍ਹਾਂ ਨੇ ਵੀ ਅਜਿਹੀਆਂ ਹੀ ਦਿੱਕਤਾਂ ਮਹਿਸੂਸ ਕੀਤੀਆਂ ਹਨ।

ਉਹ ਕਹਿੰਦੇ ਹਨ, "ਆਪਣੀਆਂ ਮਾਨਸਿਕ ਸਿਹਤ ਸਥਿਤੀਆਂ ਅਤੇ ਆਪਣੀਆਂ ਦਵਾਈਆਂ ਦੇ ਸਾਈਡ ਇਫੈਕਟਸ ਬਾਰੇ ਚੰਗੀ ਜਾਣਕਾਰੀ ਹੋਣ ਦੇ ਬਾਵਜੂਦ, ਇਸ ਗੱਲ ਦਾ ਮੈਨੂੰ ਬਿਲਕੁਲ ਪਤਾ ਨਹੀਂ ਸੀ।"

ਦੂਜੀ ਕਿਸਮ ਦੀਆਂ ਮਨੋਚਿਕਿਤਸਕ ਦਵਾਈਆਂ ਦਾ ਵੀ ਅਸਰ ਹੋ ਸਕਦਾ ਹੈ। ਸਕਿਜ਼ੋਫ੍ਰੇਨੀਆ ਅਤੇ ਬਾਈਪੋਲਰ ਡਿਸਆਰਡਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਐਂਟੀਸਾਇਕੋਟਿਕ ਦਵਾਈਆਂ ਹਾਈਪੋਥੈਲੇਮਸ ਵਿੱਚ ਡੋਪਾਮਾਈਨ ਨੂੰ ਰੋਕਦੀਆਂ ਹਨ, ਜਿਸ ਕਾਰਨ ਸਰੀਰ ਨੂੰ ਠੰਢਾ ਰੱਖਣ ਵਾਲੀਆਂ ਆਮ ਪ੍ਰਤੀਕਿਰਿਆਵਾਂ ਨਹੀਂ ਹੋ ਸਕਦੀਆਂ।

ਪਿਛਲੀਆਂ ਹੀਟ ਵੇਵਜ਼ 'ਤੇ ਹੋਈਆਂ ਸਟੱਡੀਆਂ ਵਿੱਚ ਐਂਟੀਸਾਇਕੋਟਿਕ ਦਵਾਈਆਂ ਦੇ ਇਸਤੇਮਾਲ ਅਤੇ ਮੌਤ ਦੇ ਵੱਧ ਖ਼ਤਰੇ ਵਿਚਕਾਰ ਸਬੰਧ ਪਾਇਆ ਗਿਆ ਹੈ। ਏਡੀਐਚਡੀ ਦੇ ਇਲਾਜ ਵਿੱਚ ਵਰਤੇ ਜਾਣ ਵਾਲੇ ਸਟਿਮੂਲੈਂਟਸ, ਜਿਵੇਂ ਕਿ ਰਿਟਾਲਿਨ, ਸਰੀਰ ਵਿੱਚ ਗਰਮੀ ਵਧਾਉਂਦੇ ਹਨ ਅਤੇ ਖੂਨ ਦੀਆਂ ਨਾੜੀਆਂ ਸੁੰਗੜਦੀਆਂ ਹਨ।

ਜਿਸ ਕਾਰਨ ਸਰੀਰ ਦੀ ਕੁਦਰਤੀ ਤੌਰ 'ਤੇ ਠੰਢੇ ਹੋਣ ਦੀ ਪ੍ਰਕਿਰਿਆ ਵਿੱਚ ਰੁਕਾਵਟ ਆਉਂਦੀ ਹੈ।

ਫੈਡਰ ਦਾ ਕਹਿਣਾ ਹੈ ਕਿ ਇਹ ਦਵਾਈਆਂ ਥਕਾਵਟ ਜਾਂ ਵੱਧ ਮਿਹਨਤ ਦਾ ਪਤਾ ਵੀ ਨਹੀਂ ਲੱਗਣ ਦਿੰਦੀਆਂ, ਯਾਨੀ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੋ ਪਾਉਂਦਾ ਕਿ ਉਨ੍ਹਾਂ ਦਾ ਸਰੀਰ ਬਹੁਤ ਜ਼ਿਆਦਾ ਗਰਮ ਹੋ ਰਿਹਾ ਹੈ।

ਬੀਟਾ-ਬਲਾਕਰਜ਼ ਤੋਂ ਲੈ ਕੇ ਡਾਇਯੂਰੇਟਿਕਸ ਤੱਕ

ਹੀਟ ਵੇਵ ਪ੍ਰਤੀ ਸਰੀਰ ਦੀ ਸੰਵੇਦਨਸ਼ੀਲਤਾ ਨੂੰ ਸਿਰਫ਼ ਮਾਨਸਿਕ ਸਿਹਤ ਨਾਲ ਜੁੜੀਆਂ ਦਵਾਈਆਂ ਹੀ ਨਹੀਂ ਵਧਾਉਂਦੀਆਂ। ਬਲਕਿ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦੀਆਂ ਦਵਾਈਆਂ ਵੀ ਅਜਿਹੀਆਂ ਦਵਾਈਆਂ ਦਾ ਇੱਕ ਹੋਰ ਸਮੂਹ ਹਨ ਜੋ ਗਰਮੀ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ 'ਤੇ ਅਸਰ ਪਾਂਦੀਆਂ ਹਨ।

ਡਾਇਯੂਰੇਟਿਕਸ, ਏਸੀਈ (ਐਂਜੀਓਟੈਂਸਿਨ-ਕਨਵਰਟਿੰਗ ਐਂਜ਼ਾਈਮ) ਇਨਹਿਬਿਟਰਜ਼ ਅਤੇ ਏਆਰਬੀਜ਼ (ਐਂਜੀਓਟੈਂਸਿਨ II ਰਿਸੈਪਟਰ ਬਲਾਕਰਜ਼), ਜਿਨ੍ਹਾਂ ਦਾ ਇਸਤੇਮਾਲ ਆਮ ਤੌਰ 'ਤੇ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਵਿੱਚ ਕੀਤਾ ਜਾਂਦਾ ਹੈ, ਉਹ ਸਰੀਰ ਵਿੱਚ ਇਲੈਕਟ੍ਰੋਲਾਈਟਸ ਦਾ ਸੰਤੁਲਨ ਵਿਗਾੜ ਸਕਦੇ ਹਨ।

ਇਨ੍ਹਾਂ ਵਿੱਚੋਂ ਬਾਅਦ ਵਾਲੀਆਂ ਦੋ ਕਿਸਮਾਂ ਦੀਆਂ ਦਵਾਈਆਂ ਉਸ ਹਾਰਮੋਨ 'ਤੇ ਵੀ ਅਸਰ ਪਾ ਸਕਦੀਆਂ ਹਨ ਜੋ ਆਮ ਤੌਰ 'ਤੇ ਪਿਆਸ ਲੱਗਣ ਦਾ ਸੰਕੇਤ ਦਿੰਦਾ ਹੈ।

ਲੋਗਨ ਹਾਰਪਰ ਯੂਨੀਵਰਸਿਟੀ ਆਫ਼ ਕੋਲੋਰਾਡੋ ਐਨਸ਼ੁਟਜ਼ ਦੇ ਕਲਾਈਮਟ ਐਂਡ ਹੈਲਥ ਪ੍ਰੋਗਰਾਮ ਵਿੱਚ ਫੈਮਿਲੀ ਫਿਜ਼ੀਸ਼ੀਅਨ ਅਤੇ ਅਸਿਸਟੈਂਟ ਫੈਲੋਸ਼ਿਪ ਡਾਇਰੈਕਟਰ ਹਨ।

ਉਹ ਕਹਿੰਦੇ ਹਨ, "ਇਨ੍ਹਾਂ ਸਭ ਦੇ ਮਿਲੇ-ਜੁਲੇ ਅਸਰ ਨਾਲ ਸਰੀਰ ਵਿੱਚ ਪਾਣੀ ਦੀ ਇੰਨੀ ਜ਼ਿਆਦਾ ਕਮੀ ਹੋ ਸਕਦੀ ਹੈ ਕਿ ਕਿਡਨੀ ਫੇਲ੍ਹ ਹੋਣ, ਹਾਰਟ ਅਟੈਕ ਆਉਣ ਜਾਂ ਸਰੀਰ ਦੇ ਕਈ ਹੋਰ ਜ਼ਰੂਰੀ ਅੰਗਾਂ 'ਤੇ ਗੰਭੀਰ ਅਸਰ ਪੈਣ ਦਾ ਖ਼ਤਰਾ ਵੱਧ ਜਾਂਦਾ ਹੈ।"

ਉੱਥੇ ਹੀ ਦਿਲ ਦੀਆਂ ਬਿਮਾਰੀਆਂ ਵਿੱਚ ਆਮ ਤੌਰ 'ਤੇ ਵਰਤੀ ਜਾਣ ਵਾਲੀ ਦਵਾਈ 'ਬੀਟਾ-ਬਲਾਕਰਜ਼' ਚਮੜੀ ਤੱਕ ਖੂਨ ਦੇ ਵਹਾਅ ਨੂੰ ਘਟਾ ਸਕਦੀ ਹੈ। ਜਿਸਦਾ ਮਤਲਬ ਹੈ ਕਿ ਸਰੀਰ ਉਸ ਤਰ੍ਹਾਂ ਦੀ ਪ੍ਰਭਾਵਸ਼ਾਲੀ ਗਰਮੀ ਨੂੰ ਬਾਹਰ ਨਹੀਂ ਕੱਢ ਸਕਦਾ।

ਟ੍ਰਾਈਸਾਈਕਲਿਕ ਐਂਟੀਡਿਪ੍ਰੈਸੈਂਟਸ ਤੋਂ ਇਲਾਵਾ, ਐਂਟੀਕੋਲਿਨਰਜਿਕ ਦਵਾਈਆਂ ਦੀਆਂ ਹੋਰ ਕਿਸਮਾਂ, ਜਿਨ੍ਹਾਂ ਦੀ ਵਰਤੋਂ ਪਾਰਕਿੰਸਨ ਰੋਗ, ਓਵਰਐਕਟਿਵ ਬਲੈਡਰ, ਸਾਹ ਦੀਆਂ ਬਿਮਾਰੀਆਂ ਅਤੇ ਐਲਰਜੀ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਇਲਾਜ ਵਿੱਚ ਹੁੰਦੀ ਹੈ। ਉਹ ਸਾਰੀਆਂ ਸਰੀਰ ਦੇ ਪਸੀਨਾ ਆਉਣ ਅਤੇ ਸਰੀਰ ਨੂੰ ਠੰਢਾ ਰੱਖਣ ਵਾਲੇ ਸਿਸਟਮ 'ਤੇ ਅਸਰ ਪਾ ਸਕਦੀਆਂ ਹਨ।

ਹਾਰਪਰ ਕਹਿੰਦੇ ਹਨ, "ਅਕਸਰ ਲੋਕ ਕਈ ਦਵਾਈਆਂ ਇੱਕੱਠੀਆਂ ਲੈਂਦੇ ਹਨ, ਜੋ ਉਨ੍ਹਾਂ ਦੇ ਸਰੀਰ ਨੂੰ ਠੰਢਾ ਰੱਖਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਅਤੇ ਅੰਗਾਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਨੂੰ ਵਧਾ ਸਕਦੀਆਂ ਹਨ।"

ਉਹ ਅੱਗੇ ਕਹਿੰਦੇ ਹਨ ਕਿ ਇਹ ਖ਼ਾਸ ਤੌਰ 'ਤੇ ਬਜ਼ੁਰਗਾਂ ਦੇ ਮਾਮਲੇ ਵਿੱਚ ਸੱਚ ਹੈ, ਜੋ ਆਮ ਤੌਰ 'ਤੇ ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ।

ਕੁਝ ਦਵਾਈਆਂ ਹਲਕੀ ਗਰਮੀ ਨੂੰ ਵੀ ਗੰਭੀਰ ਸਮੱਸਿਆ ਬਣਾ ਸਕਦੀਆਂ ਹਨ। ਅਮਰੀਕਾ ਵਿੱਚ ਬਜ਼ੁਰਗ ਮਰੀਜ਼ਾਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ, ਜੋ ਡਾਇਯੂਰੇਟਿਕਸ, ਐਂਟੀਸਾਇਕੋਟਿਕਸ, ਬੀਟਾ ਬਲਾਕਰਜ਼, ਸਟਿਮੂਲੈਂਟਸ ਅਤੇ ਐਂਟੀਹਾਈਪਰਟੈਂਸਿਵ ਵਰਗੀਆਂ ਦਵਾਈਆਂ ਲੈ ਰਹੇ ਸਨ, ਇਹ ਨਤੀਜਾ ਕੱਢਿਆ ਗਿਆ ਕਿ ਬਜ਼ੁਰਗ ਮਰੀਜ਼ਾਂ ਨੂੰ ਹੀਟ ਵੇਵ ਦੀ ਗੈਰਮੌਜੂਦਗੀ ਵਿੱਚ ਵੀ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਕਾਰਨ ਹਸਪਤਾਲ ਵਿੱਚ ਭਰਤੀ ਹੋਣ ਦਾ ਖ਼ਤਰਾ ਵੱਧ ਹੋ ਸਕਦਾ ਹੈ।

ਹਾਰਪਰ ਕਹਿੰਦੇ ਹਨ, "ਇਹ ਸਭ ਜਾਣਦੇ ਹਨ ਕਿ ਇਨ੍ਹਾਂ ਦਵਾਈਆਂ ਦੇ ਕੰਬੀਨੇਸ਼ਨ ਨਾਲ ਇੱਕ ਵਾਰ ਵਿੱਚ ਇੱਕ ਦਵਾਈ ਲੈਣ ਦੀ ਤੁਲਨਾ ਵਿੱਚ ਖ਼ਤਰਾ ਵੱਧ ਜਾਂਦਾ ਹੈ।"

ਹਾਲਾਂਕਿ ਉਹ ਅੱਗੇ ਕਹਿੰਦੇ ਹਨ ਕਿ ਅਜੇ ਤੱਕ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਕਿਹੜੀਆਂ ਦਵਾਈਆਂ ਦੇ ਕੰਬੀਨੇਸ਼ਨ ਸਭ ਤੋਂ ਵੱਧ ਖ਼ਤਰਨਾਕ ਹਨ।

ਸਮਾਜਿਕ-ਆਰਥਿਕ ਕਾਰਕ ਵੀ ਖ਼ਤਰੇ ਨੂੰ ਪ੍ਰਭਾਵਿਤ ਕਰਦੇ ਹਨ।

ਹਾਰਪਰ ਕਹਿੰਦੇ ਹਨ, "ਹੋ ਸਕਦਾ ਹੈ ਕਿਸੇ ਦਾ ਕੰਮ ਸਰੀਰਕ ਮਿਹਨਤ ਵਾਲਾ ਹੋਵੇ ਜਿਸ ਵਿੱਚ ਉਸ ਨੂੰ ਬਹੁਤ ਗਰਮੀ ਸਹਿਣੀ ਪੈਂਦੀ ਹੋਵੇ, ਜਾਂ ਹੋ ਸਕਦਾ ਹੈ ਉਹ ਘਰ ਦੇ ਬਾਹਰ ਹੀ ਰਹਿੰਦਾ ਹੋਵੇ। ਜਾਂ ਸ਼ਾਇਦ ਤੁਸੀਂ ਕਿਸੇ ਸ਼ਹਿਰੀ ਹੀਟ ਆਇਲੈਂਡ ਵਿੱਚ ਰਹਿੰਦੇ ਹੋਵੋ ਅਤੇ ਤੁਹਾਡੇ ਕੋਲ ਏਅਰ ਕੰਡੀਸ਼ਨਿੰਗ ਦਾ ਖ਼ਰਚਾ ਚੁੱਕਣ ਦੀ ਸਮਰੱਥਾ ਨਾ ਹੋਵੇ।"

ਦੱਖਣੀ ਨੇਵਾਡਾ ਵਿੱਚ ਟੌਰੋ ਯੂਨੀਵਰਸਿਟੀ ਵਿੱਚ ਐਮਰਜੈਂਸੀ ਮੈਡੀਸਨ ਫਿਜ਼ੀਸ਼ੀਅਨ ਅਸਿਸਟੈਂਟ ਅਤੇ ਅਸਿਸਟੈਂਟ ਪ੍ਰੋਫੈਸਰ, ਸੈਸਿਲੀਆ ਅਹੋਨੋਨੁ ਨੇ ਹਾਲ ਹੀ ਵਿੱਚ ਇਸ ਨੂੰ ਖੁਦ ਦੇਖਿਆ।

ਲਾਸ ਵੇਗਾਸ ਵਿੱਚ ਕਮਿਊਨਿਟੀ ਹੈਲਥ ਆਉਟਰੀਚ ਇਵੈਂਟ ਦੌਰਾਨ ਜਦੋਂ ਤਾਪਮਾਨ ਲਗਭਗ 43 ਡਿਗਰੀ ਸੈਲਸੀਅਸ ਸੀ, ਤਾਂ ਉਹ 60 ਸਾਲ ਦੇ ਇੱਕ ਵਿਅਕਤੀ ਨੂੰ ਮਿਲੇ ਜੋ ਪਾਰਕ ਵਿੱਚ ਸੁੱਤਾ ਹੋਇਆ ਸੀ।

ਉਹ ਕਹਿੰਦੇ ਹਨ, "ਉਹ ਪੀਲਾ ਦਿਖ ਰਿਹਾ ਸੀ, ਉਸ ਨੂੰ ਬਹੁਤ ਪਸੀਨਾ ਆ ਰਿਹਾ ਸੀ ਅਤੇ ਉਸ ਦੇ ਦਿਲ ਦੀ ਧੜਕਣ ਤੇਜ਼ ਸੀ।"

ਉਹ ਵਿਅਕਤੀ, ਜੋ ਡਾਇਯੂਰੇਟਿਕ ਅਤੇ ਐਸਐਸਆਰਆਈ ਦਵਾਈਆਂ ਲੈ ਰਿਹਾ ਸੀ, ਉਸ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਉਸ ਦਾ ਸਰੀਰ ਕਿੰਨਾ ਜ਼ਿਆਦਾ ਗਰਮ ਹੋ ਗਿਆ ਹੈ।

ਅਹੋਨੋਨੁ ਕਹਿੰਦੇ ਹਨ, "ਉਸ ਨੇ ਉਹੀ ਕੀਤਾ ਜੋ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਕਰਦੇ ਅਤੇ ਆਪਣੇ ਲੱਛਣਾਂ ਦਾ ਕਾਰਨ ਭਿਆਨਕ ਗਰਮੀ ਨੂੰ ਮੰਨਦਾ।"

ਪਰ ਜਦੋਂ ਉਨ੍ਹਾਂ ਨੇ ਹੋਰ ਸਵਾਲ ਪੁੱਛੇ, ਤਾਂ ਇੱਕ ਹੋਰ ਸੰਭਾਵਿਤ ਕਾਰਨ ਸਾਹਮਣੇ ਆਇਆ, ਉਸ ਦੀਆਂ ਦਵਾਈਆਂ।

ਅਹੋਨੋਨੁ ਨੇ ਉਨ੍ਹਾਂ ਨੂੰ ਗਰਮੀ ਤੋਂ ਬਚਾਅ ਦੇ ਬੁਨਿਆਦੀ ਉਪਾਅ ਦੱਸੇ, ਜਿਵੇਂ ਵੱਧ ਪਾਣੀ ਪੀਣਾ, ਤੇਜ਼ ਧੁੱਪ ਦੇ ਸਮੇਂ ਬਾਹਰ ਨਾ ਨਿਕਲਣਾ ਅਤੇ ਉਨ੍ਹਾਂ ਨੂੰ ਆਲੇ-ਦੁਆਲੇ ਦੇ ਕੂਲਿੰਗ ਸੈਂਟਰਾਂ ਦੀ ਸੂਚੀ ਦਿੱਤੀ।

ਉਨ੍ਹਾਂ ਨੇ ਹੋਰ ਗੰਭੀਰ ਲੱਛਣਾਂ ਬਾਰੇ ਵੀ ਚੇਤਾਵਨੀ ਦਿੱਤੀ ਜਿਨ੍ਹਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ, ਕਿਉਂਕਿ ਉਹ ਹੀਟ ਸਟ੍ਰੋਕ ਦਾ ਸੰਕੇਤ ਹੋ ਸਕਦੇ ਹਨ, ਜੋ ਇੱਕ ਸੰਭਾਵਿਤ ਮੈਡੀਕਲ ਐਮਰਜੈਂਸੀ ਹੈ।

ਉਹ ਕਹਿੰਦੇ ਹਨ, "ਜੇ ਕਿਸੇ ਦੀ ਮਾਨਸਿਕ ਸਥਿਤੀ ਵਿੱਚ ਕੋਈ ਬਦਲਾਅ ਜਾਂ ਉਲਝਣ ਦਿਖਾਈ ਦੇਵੇ, ਜਾਂ ਕੋਈ ਵਿਅਕਤੀ ਆਮ ਵਿਹਾਰ ਨਾ ਕਰ ਰਿਹਾ ਹੋਵੇ, ਤਾਂ ਉਸ ਵਿਅਕਤੀ ਨੂੰ ਤੁਰੰਤ ਨਜ਼ਦੀਕੀ ਐਮਰਜੈਂਸੀ ਰੂਮ ਵਿੱਚ ਲੈ ਜਾਣਾ ਚਾਹੀਦਾ ਹੈ।"

ਸਹੀ ਅਤੇ ਚੰਗੀ ਜਾਣਕਾਰੀ

ਡਾਕਟਰ ਸਲਾਹ ਦਿੰਦੇ ਹਨ ਕਿ ਬਿਨਾਂ ਡਾਕਟਰੀ ਸਲਾਹ ਦੇ ਦਵਾਈਆਂ ਬੰਦ ਨਾ ਕਰੋ।

ਹਾਰਪਰ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਡਾਕਟਰ ਖੁਦ ਗਰਮੀ ਅਤੇ ਦਵਾਈਆਂ ਦੇ ਵਿਚਕਾਰ ਸਬੰਧ ਬਾਰੇ ਬਿਹਤਰ ਟ੍ਰੇਨਿੰਗ ਲੈਣ ਅਤੇ ਜਾਗਰੂਕ ਹੋਣ।

ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੋਈ ਡਾਕਟਰ ਨਵੀਂ ਦਵਾਈ ਲਿਖੇ, ਤਾਂ ਉਨ੍ਹਾਂ ਨੂੰ ਇੱਕ ਮਿੰਟ ਕੱਢ ਕੇ ਸਭ ਤੋਂ ਵੱਧ ਖ਼ਤਰੇ ਵਾਲੇ ਸਾਈਡ ਇਫੈਕਟਸ ਦੀ ਸੂਚੀ ਦੱਸਣੀ ਚਾਹੀਦੀ ਹੈ।"

"ਕੁਝ ਦਵਾਈਆਂ ਅਜਿਹੀਆਂ ਹੁੰਦੀਆਂ ਹਨ, ਖ਼ਾਸ ਕਰਕੇ ਵੱਧ ਖ਼ਤਰੇ ਵਾਲੇ ਲੋਕਾਂ ਲਈ, ਜਿਨ੍ਹਾਂ ਵਿੱਚ ਗਰਮੀ ਨਾਲ ਜੁੜੀ ਬਿਮਾਰੀ ਬਾਰੇ ਵੀ ਦੱਸਣਾ ਚਾਹੀਦਾ ਹੈ।"

ਓਕੁਮੁਸ ਲਈ ਇਸ ਗਰਮੀ ਦੌਰਾਨ ਉਨ੍ਹਾਂ ਦੇ ਅਨੁਭਵ ਨੇ ਉਨ੍ਹਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕੀ ਉਹ ਦਵਾਈ ਲੈਣੀ ਜਾਰੀ ਰੱਖਣਾ ਵੀ ਚਾਹੁੰਦੀ ਹੈ ਜਾਂ ਨਹੀਂ।

ਉਹ ਕਹਿੰਦੇ ਹਨ, "ਮੈਂ ਆਪਣੇ ਡਾਕਟਰ ਕੋਲ ਜਾ ਕੇ ਦਵਾਈ ਪੂਰੀ ਤਰ੍ਹਾਂ ਬੰਦ ਕਰਨ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਮੈਂ ਗਰਮੀਆਂ ਵਿੱਚ ਇਸ ਤਰ੍ਹਾਂ ਕੰਮ ਨਹੀਂ ਕਰ ਸਕਦੀ ਜਾਂ ਆਪਣੀ ਜ਼ਿੰਦਗੀ ਨਹੀਂ ਜਿਉਂ ਸਕਦੀ।"

ਹਾਲਾਂਕਿ ਫ੍ਰੈਸੇਨੇਟ ਨੇ ਆਪਣੀ ਦਵਾਈ ਬੰਦ ਕਰਨ ਬਾਰੇ ਨਹੀਂ ਸੋਚਿਆ ਹੈ। ਉਨ੍ਹਾਂ ਦਾ ਕਹਿਣਾ ਹੈ, "ਇਹ ਦਵਾਈ ਮੇਰੇ ਲਈ ਬਹੁਤ ਵਧੀਆ ਕੰਮ ਕਰਦੀ ਹੈ।"

ਉਹ ਕਹਿੰਦੇ ਹਨ ਕਿ ਸਿਰਫ਼ ਇਹ ਜਾਣਨਾ ਕਿ ਇਹ ਉਨ੍ਹਾਂ ਦੀਆਂ ਦਵਾਈਆਂ ਦਾ ਇੱਕ ਸਾਈਡ ਇਫੈਕਟ ਹੈ, ਨਾ ਕਿ ਸਰੀਰ ਵਿੱਚ ਕੋਈ ਹੋਰ ਗੜਬੜ, ਉਨ੍ਹਾਂ ਨੂੰ ਰਾਹਤ ਦਿੰਦਾ ਹੈ।

ਫ੍ਰੈਸੇਨੇਟ ਮੁਤਾਬਕ, "ਇਸ ਨਾਲ ਮੈਨੂੰ ਪਤਾ ਲੱਗਦਾ ਹੈ ਕਿ ਠੀਕ ਹੈ, ਇਹ ਇੱਕ ਅਸਲ ਗੱਲ ਹੈ, ਨਾ ਕਿ ਕੋਈ ਅਚਾਨਕ ਹੋਣ ਵਾਲੀ ਘਟਨਾ।"

"ਇਸ ਗੱਲ ਨੇ ਹੀ ਬਹੁਤ ਮਦਦ ਕੀਤੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)