You’re viewing a text-only version of this website that uses less data. View the main version of the website including all images and videos.
ਵੰਦੇ ਮਾਤਰਮ ਨੂੰ ਲੈ ਕੇ ਰਬਿੰਦਰਨਾਥ ਟੈਗੋਰ ਦੀ ਕੀ ਰਾਇ ਸੀ, ਉਨ੍ਹਾਂ ਨੇ ਕਾਂਗਰਸ ਨੂੰ ਕੀ ਕਿਹਾ ਸੀ
ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਨੇ ਫ਼ੈਸਲਾ ਕੀਤਾ ਹੈ ਕਿ ਪਾਰਟੀ ਦੇ ਪ੍ਰੋਗਰਾਮਾਂ ਵਿੱਚ 'ਵੰਦੇ ਮਾਤਰਮ' ਦੇ ਸਿਰਫ਼ ਪਹਿਲੇ ਦੋ ਬੰਦ ਹੀ ਗਾਏ ਜਾਣਗੇ।
ਇਹ ਫ਼ੈਸਲਾ ਆਜ਼ਾਦੀ ਦਿਵਸ ਦੇ ਪ੍ਰੋਗਰਾਮ ਅਤੇ ਬਾਅਦ ਵਿੱਚ ਗੋਆ ਵਿੱਚ ਹੋਏ ਇੱਕ ਪ੍ਰੋਗਰਾਮ ਵਿੱਚ ਰਾਸ਼ਟਰੀ ਗੀਤ ਦੇ ਗਾਇਨ ਨੂੰ ਲੈਕੇ ਭਾਜਪਾ ਦੇ ਹਮਲਿਆਂ ਵਿਚਕਾਰ ਲਿਆ ਗਿਆ ਹੈ।
ਕਾਂਗਰਸ ਨੇ 1937 ਦੀ ਸੀਡਬਲਯੂਸੀ ਵਿੱਚ ਪਾਸ ਹੋਏ ਪ੍ਰਸਤਾਵ ਦਾ ਹਵਾਲਾ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਆਜ਼ਾਦੀ ਅੰਦੋਲਨ ਦੇ ਪ੍ਰਮੁੱਖ ਆਗੂਆਂ, ਜਿਨ੍ਹਾਂ ਵਿੱਚ ਮਹਾਤਮਾ ਗਾਂਧੀ ਅਤੇ ਰਬਿੰਦਰਨਾਥ ਟੈਗੋਰ ਸ਼ਾਮਲ ਸਨ, ਨੇ ਜਨਤਕ ਪ੍ਰੋਗਰਾਮਾਂ ਵਿੱਚ ਵੰਦੇ ਮਾਤਰਮ ਦੇ ਸਿਰਫ਼ ਪਹਿਲੇ ਦੋ ਪਦ ਗਾਏ ਜਾਣ ਦਾ ਸਮਰਥਨ ਕੀਤਾ ਸੀ।
ਵੰਦੇ ਮਾਤਰਮ ਦੇ ਬਾਕੀ ਦੇ ਪਦਾਂ ਵਿੱਚ ਹਿੰਦੂ ਦੇਵੀ-ਦੇਵਤਿਆਂ, ਜਿਨ੍ਹਾਂ ਵਿੱਚ ਦੁਰਗਾ, ਸਰਸਵਤੀ ਅਤੇ ਲਕਸ਼ਮੀ ਦੇ ਹਵਾਲੇ ਸ਼ਾਮਲ ਹਨ, ਅਤੇ ਭਾਰਤ ਨੂੰ ਇੱਕ ਪੂਜਨੀਕ ਦੇਵੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।
ਇਹ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਸੰਸਦ ਨੇ ਵੰਦੇ ਮਾਤਰਮ ਨੂੰ ਕਾਨੂੰਨੀ ਸੁਰੱਖਿਆ ਦਿੱਤੀ ਹੈ।
ਰਬਿੰਦਰਨਾਥ ਟੈਗੋਰ ਕੀ ਸੋਚਦੇ ਸਨ?
ਇਤਿਹਾਸਕਾਰ ਮ੍ਰਿਦੁਲਾ ਮੁਖਰਜੀ ਨੇ ਪਿਛਲੇ ਸਾਲ 11 ਦਸੰਬਰ ਨੂੰ ਦਿ ਵਾਇਰ ਲਈ ਸੀਨੀਅਰ ਪੱਤਰਕਾਰ ਕਰਨ ਥਾਪਰ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਬੰਗਾਲ ਵਿੱਚ ਸਵਦੇਸ਼ੀ ਅਤੇ ਬੰਗ-ਭੰਗ ਵਿਰੋਧੀ ਅੰਦੋਲਨਾਂ ਦੌਰਾਨ ਟੈਗੋਰ ਨੇ ਸੜਕਾਂ 'ਤੇ ਵੰਦੇ ਮਾਤਰਮ ਗਾਕੇ ਇਸ ਨੂੰ ਲੋਕਪ੍ਰਿਯ ਬਣਾਇਆ ਸੀ।
ਮ੍ਰਿਦੁਲਾ ਮੁਖਰਜੀ ਨੇ ਕਿਹਾ ਸੀ, ''ਜਦੋਂ ਕਾਂਗਰਸ ਵਿੱਚ ਗੀਤ ਨੂੰ ਲੈਕੇ ਸਵਾਲ ਉੱਠੇ ਤਾਂ ਇਤਰਾਜ਼ਾਂ 'ਤੇ ਵਿਚਾਰ ਕਰਨ ਲਈ ਇੱਕ ਉਪ-ਕਮੇਟੀ ਬਣਾਈ ਗਈ ਅਤੇ ਉਸ ਨੇ ਟੈਗੋਰ ਤੋਂ ਸਲਾਹ ਲਈ। ਇਸ ਦਾ ਕਾਰਨ ਇਹ ਸੀ ਕਿ ਟੈਗੋਰ ਹੀ ਉਹ ਵਿਅਕਤੀ ਸਨ, ਜਿਨ੍ਹਾਂ ਨੇ ਇਸ ਵੰਦੇ ਮਾਤਰਮ ਨੂੰ ਗੁੰਮਨਾਮੀ ਵਿੱਚੋਂ ਕੱਢ ਕੇ ਲੋਕਪ੍ਰਿਯ ਬਣਾਇਆ, ਇਸ ਨੂੰ ਸੰਗੀਤ ਦਿੱਤਾ ਅਤੇ 1896 ਦੇ ਕਾਂਗਰਸ ਸਭਾ ਵਿੱਚ ਪਹਿਲੀ ਵਾਰ ਗਾਇਆ।"
ਮ੍ਰਿਦੁਲਾ ਮੁਖਰਜੀ ਨੇ ਕਿਹਾ ਸੀ, ''ਟੈਗੋਰ ਨੇ ਨਹਿਰੂ ਨੂੰ ਲਿਖੇ ਪੱਤਰ ਵਿੱਚ ਸਲਾਹ ਦਿੰਦੇ ਹੋਏ ਕਿਹਾ ਸੀ- 'ਮੈਂ ਇਹ ਮੰਨਦਾ ਹਾਂ ਕਿ ਬੰਕਿਮ ਦੀ ਪੂਰੀ ਵੰਦੇ ਮਾਤਰਮ ਕਵਿਤਾ ਨੂੰ ਉਸ ਦੇ ਸੰਦਰਭ ਨਾਲ ਪੜ੍ਹਨ 'ਤੇ ਉਸ ਦੀ ਵਿਆਖਿਆ ਅਜਿਹੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ, ਜੋ ਮੁਸਲਿਮ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹਨ।'
''ਪਰ ਉਸ ਤੋਂ ਨਿੱਕਲਿਆ ਇੱਕ ਰਾਸ਼ਟਰ ਗੀਤ, ਜੋ ਸੁਭਾਵਿਕ ਤੌਰ 'ਤੇ ਸਿਰਫ਼ ਪਹਿਲੇ ਦੋ ਪਦਾਂ ਤੱਕ ਸੀਮਤ ਹੋ ਗਿਆ ਹੈ। ਉਸ ਦੀ ਆਪਣੀ ਇੱਕ ਵੱਖਰੀ ਪਛਾਣ ਅਤੇ ਪ੍ਰੇਰਣਾਦਾਇਕ ਮਹੱਤਵ ਬਣ ਗਿਆ ਹੈ, ਜਿਸ ਵਿੱਚ ਮੈਨੂੰ ਕਿਸੇ ਵੀ ਸੰਪਰਦਾਇ ਜਾਂ ਭਾਈਚਾਰੇ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਗੱਲ ਨਜ਼ਰ ਨਹੀਂ ਆਉਂਦੀ।'
ਮ੍ਰਿਦੁਲਾ ਮੁਖਰਜੀ ਨੇ ਇਤਿਹਾਸਕ ਪੱਤਰ-ਵਿਹਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਸੁਭਾਸ਼ ਚੰਦਰ ਬੋਸ ਨੇ ਨਿੱਜੀ ਤੌਰ 'ਤੇ ਟੈਗੋਰ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਵੰਦੇ ਮਾਤਰਮ ਦੇ ਮੁੱਦੇ ਨੂੰ ਮਹਾਤਮਾ ਗਾਂਧੀ ਅਤੇ ਜਵਾਹਰਲਾਲ ਨਹਿਰੂ ਦੇ ਸਾਹਮਣੇ ਉਠਾਉਣ ਦੀ ਬੇਨਤੀ ਕੀਤੀ ਸੀ। ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੰਦੇ ਮਾਤਰਮ ਮਾਮਲੇ ਵਿੱਚ ਨਹਿਰੂ 'ਤੇ ਤੁਸ਼ਟੀਕਰਨ ਦਾ ਇਲਜ਼ਾਮ ਲਗਾਉਂਦੇ ਹਨ ਤਾਂ ਟੈਗੋਰ ਅਤੇ ਮਹਾਤਮਾ ਗਾਂਧੀ ਨੂੰ ਵੀ, ਜਿਨ੍ਹਾਂ ਨੇ ਇਸ ਫ਼ੈਸਲੇ ਦਾ ਸਮਰਥਨ ਕੀਤਾ ਸੀ, ਓਨਾ ਹੀ ਦੋਸ਼ੀ ਮੰਨਿਆ ਜਾਣਾ ਚਾਹੀਦਾ ਹੈ।
ਸਾਹਿਤ ਅਕਾਦਮੀ ਵੱਲੋਂ 1994 ਵਿੱਚ ਪ੍ਰਕਾਸ਼ਿਤ 'ਦਿ ਇੰਗਲਿਸ਼ ਰਾਈਟਿੰਗਜ਼ ਆਫ਼ ਰਬਿੰਦਰਨਾਥ ਟੈਗੋਰ: ਅ ਮਿਸਲੈਨੀ' ਵਿੱਚ ਵੀ ਵੰਦੇ ਮਾਤਰਮ 'ਤੇ ਟੈਗੋਰ ਦੀ ਟਿੱਪਣੀ ਹੈ।
ਟੈਗੋਰ ਨੇ ਕਿਹਾ ਹੈ, "ਮੁਸਲਿਮ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਸ਼ਟਰੀ ਗੀਤ ਅਜਿਹਾ ਹੋਣਾ ਚਾਹੀਦਾ ਹੈ ਜੋ ਮੂਲ ਰਚਨਾ ਤੋਂ ਲਿਆ ਗਿਆ ਹੋਵੇ, ਪਰ ਸੁਭਾਵਿਕ ਤੌਰ 'ਤੇ ਮੂਲ ਕਵਿਤਾ ਦੇ ਸਿਰਫ਼ ਪਹਿਲੇ ਦੋ ਪਦਾਂ ਤੱਕ ਸੀਮਤ ਹੋਵੇ। ਹਰ ਵਾਰ ਇਸ ਨੂੰ ਸੁਣਦੇ ਜਾਂ ਗਾਉਂਦੇ ਸਮੇਂ ਸਾਨੂੰ ਪੂਰੀ ਕਵਿਤਾ ਅਤੇ ਉਸ ਤੋਂ ਵੀ ਘੱਟ ਉਸ ਕਹਾਣੀ ਦੀ ਯਾਦ ਦਿਵਾਉਣ ਦੀ ਲੋੜ ਨਹੀਂ ਹੋਣੀ ਚਾਹੀਦੀ, ਜਿਸ ਨਾਲ ਇਹ ਇਤਫ਼ਾਕਨ ਜੁੜ ਗਈ ਸੀ। ਇਸ ਗੀਤ ਨੇ ਆਪਣੀ ਇੱਕ ਵੱਖਰੀ ਪਛਾਣ ਅਤੇ ਪ੍ਰੇਰਣਾਦਾਇਕ ਮਹੱਤਵ ਹਾਸਿਲ ਕਰ ਲਿਆ ਹੈ, ਜਿਸ ਵਿੱਚ ਮੈਨੂੰ ਕਿਸੇ ਵੀ ਸੰਪਰਦਾਇ ਜਾਂ ਭਾਈਚਾਰੇ ਲਈ ਇਤਰਾਜ਼ਯੋਗ ਕੁਝ ਵੀ ਨਜ਼ਰ ਨਹੀਂ ਆਉਂਦਾ।"
ਬੰਕਿਮ ਚੰਦਰ ਚੱਟੋਪਾਧਿਆਏ ਨੇ 'ਵੰਦੇ ਮਾਤਰਮ' 1875 ਵਿੱਚ ਲਿਖਿਆ ਸੀ। ਇਸ ਤੋਂ ਬਾਅਦ ਇਸ ਦੇ ਹੋਰ ਪਦਾਂ ਨੂੰ ਉਨ੍ਹਾਂ ਦੇ 1882 ਦੇ ਨਾਵਲ 'ਆਨੰਦਮਠ' ਵਿੱਚ ਸ਼ਾਮਲ ਕੀਤਾ ਗਿਆ ਸੀ।
ਸੀਨੀਅਰ ਲੇਖਕ ਅਤੇ ਪੱਤਰਕਾਰ ਨੀਲਾਂਜਨ ਮੁਖੋਪਾਧਿਆਏ ਨੇ 14 ਅਗਸਤ ਨੂੰ ਫਰੰਟਲਾਈਨ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਕਿਹਾ ਹੈ, ''30 ਅਕਤੂਬਰ 1937 ਨੂੰ ਟੈਗੋਰ ਨੇ ਇੱਕ ਨੋਟ ਦੀ ਸ਼ੁਰੂਆਤ ਇਹ ਕਹਿੰਦੇ ਹੋਏ ਕੀਤੀ ਕਿ "ਵੰਦੇ ਮਾਤਰਮ ਨੂੰ ਲੈਕੇ ਇੱਕ ਮੰਦਭਾਗਾ ਵਿਵਾਦ ਚੱਲ ਰਿਹਾ ਹੈ।" ਉਨ੍ਹਾਂ ਨੇ ਇਸ ਵਿੱਚ ਲਿਖਿਆ ਕਿ ਉਨ੍ਹਾਂ ਨੂੰ ਇਸ ਗੀਤ ਦੇ ਪਹਿਲੇ ਪਦ ਨੂੰ ਮੂਲ ਰੂਪ ਵਿੱਚ ਸੰਗੀਤਬੱਧ ਕਰਨ ਦੀ "ਖੁਸ਼ਕਿਸਮਤੀ" ਹਾਸਿਲ ਹੋਈ ਸੀ।
''ਉਨ੍ਹਾਂ ਨੇ ਕਿਹਾ ਕਿ ਪਹਿਲੇ ਹਿੱਸੇ ਵਿੱਚ ਪ੍ਰਗਟ ਕੀਤੀ ਕੋਮਲਤਾ ਅਤੇ ਭਗਤੀ ਦੀ ਭਾਵਨਾ ਦੇ ਨਾਲ ਮਾਤ ਭੂਮੀ ਦੇ ਸੁੰਦਰ ਅਤੇ ਕਲਿਆਣਕਾਰੀ ਰੂਪਾਂ 'ਤੇ ਦਿੱਤੇ ਗਏ ਜ਼ੋਰ ਕਾਰਨ, ਇਹ ਬਾਕੀ ਦੇ ਹਿੱਸਿਆਂ ਤੋਂ ਬਿਲਕੁਲ ਵੱਖਰਾ ਦਿਖਾਈ ਦਿੱਤਾ। ਟੈਗੋਰ ਦਾ ਨਤੀਜਾ ਸਪਸ਼ਟ ਸੀ।''
''ਆਖ਼ਰੀ ਚਾਰ ਪਦ ਉਤੇਜਕ ਜਾਂ ਭੜਕਾਊ ਸੁਭਾਅ ਦੇ ਸਨ, ਜਦਕਿ ਪਹਿਲੇ ਦੋ ਪਦਾਂ ਦਾ ਆਪਣਾ ਸੁਤੰਤਰ ਅਰਥ ਅਤੇ ਪਛਾਣ ਬਣ ਚੁੱਕੀ ਸੀ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਵਿਵਾਦ ਦੇ ਸਾਰੇ ਭਾਈਚਾਰਿਆਂ ਵਿੱਚ ਸਵੀਕਾਰ ਕੀਤਾ ਜਾ ਸਕਦਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਸਿਰਫ਼ ਪਹਿਲੇ ਦੋ ਪਦਾਂ ਦਾ ਸਰੂਪ ਧਰਮਨਿਰਪੱਖ ਸੀ ਅਤੇ ਉਹ ਮੁੱਖ ਤੌਰ 'ਤੇ ਮਾਤ ਭੂਮੀ ਦੀ ਭੂਗੋਲਿਕ ਸੁੰਦਰਤਾ ਦਾ ਗੁਣਗਾਣ ਕਰਦੇ ਸਨ। 1939 ਵਿੱਚ ਹਰਿਜਨ ਦੇ ਇੱਕ ਅੰਕ ਵਿੱਚ ਮਹਾਤਮਾ ਗਾਂਧੀ ਨੇ ਵੀ ਲਗਭਗ ਇਨ੍ਹਾਂ ਹੀ ਸ਼ਬਦਾਂ ਵਿੱਚ ਟੈਗੋਰ ਦੇ ਵਿਚਾਰਾਂ ਦਾ ਸਮਰਥਨ ਕੀਤਾ।''
1937 ਵਿੱਚ ਕਾਂਗਰਸ ਵਰਕਿੰਗ ਕਮੇਟੀ ਵਿੱਚ ਕੀ ਹੋਇਆ ਸੀ?
30 ਅਕਤੂਬਰ 1937 ਨੂੰ ਕਲਕੱਤਾ (ਹੁਣ ਕੋਲਕਾਤਾ) ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਜਵਾਹਰਲਾਲ ਨਹਿਰੂ ਨੇ ਕੀਤੀ ਸੀ ਅਤੇ ਇਸ ਵਿੱਚ ਸਰਦਾਰ ਵੱਲਭਭਾਈ ਪਟੇਲ, ਰਾਜੇਂਦਰ ਪ੍ਰਸਾਦ, ਮੌਲਾਨਾ ਅਬੁਲ ਕਲਾਮ ਆਜ਼ਾਦ, ਭੂਲਾਭਾਈ ਦੇਸਾਈ, ਜਮਨਾਲਾਲ ਬਜਾਜ, ਆਚਾਰਿਆ ਜੇ.ਬੀ. ਕ੍ਰਿਪਲਾਨੀ (ਮਹਾਸਕੱਤਰ), ਪੱਟਾਭੀ ਸੀਤਾਰਮਈਆ, ਰਾਜਾਜੀ, ਆਚਾਰਿਆ ਨਰਿੰਦਰ ਦੇਵ, ਜੈਪ੍ਰਕਾਸ਼ ਨਾਰਾਇਣ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਸਮੇਤ ਕਾਂਗਰਸ ਦੇ ਲਗਭਗ ਸਾਰੇ ਵੱਡੇ ਆਗੂ ਮੌਜੂਦ ਸਨ।
ਮਦਰਾਸ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਕੇ ਚੰਦਰੂ ਨੇ ਪਿਛਲੇ ਸਾਲ 11 ਦਸੰਬਰ ਨੂੰ ਅੰਗਰੇਜ਼ੀ ਅਖ਼ਬਾਰ ਦਿ ਹਿੰਦੂ ਵਿੱਚ ਇੱਕ ਆਰਟੀਕਲ ਲਿਖਿਆ ਸੀ। ਇਸ ਵਿੱਚ ਜਸਟਿਸ ਚੰਦਰੂ ਨੇ ਕਿਹਾ ਸੀ, ''ਮਹਾਤਮਾ ਗਾਂਧੀ ਸੀਡਬਲਯੂਸੀ ਦੇ ਮੈਂਬਰ ਨਹੀਂ ਸਨ, ਪਰ ਵਿਸ਼ੇਸ਼ ਸੱਦੇ 'ਤੇ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਪਰ ਵੰਦੇ ਮਾਤਰਮ 'ਤੇ ਰਾਜੇਂਦਰ ਪ੍ਰਸਾਦ ਵੱਲੋਂ ਪੇਸ਼ ਕੀਤੇ ਗਏ ਅਤੇ ਸਰਦਾਰ ਪਟੇਲ ਵੱਲੋਂ ਸਮਰਥਿਤ ਪ੍ਰਸਤਾਵ ਨੂੰ ਅੰਤਿਮ ਰੂਪ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਸੀ।''
ਜਸਟਿਸ ਚੰਦਰੂ ਨੇ ਲਿਖਿਆ ਹੈ, "ਸੀਡਬਲਯੂਸੀ ਨੇ ਵੰਦੇ ਮਾਤਰਮ ਨੂੰ ਲੈਕੇ ਉਠਾਏ ਗਏ ਸਵਾਲ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ। ਇਸ ਗੀਤ ਦੀ ਇਤਿਹਾਸਕ ਪਿਛੋਕੜ ਹੈ। ਆਜ਼ਾਦੀ ਸੰਗਰਾਮ ਦੌਰਾਨ ਇਸ ਨੇ ਡੂੰਘਾ ਉਤਸ਼ਾਹ ਅਤੇ ਮਜ਼ਬੂਤ ਭਾਵਨਾਵਾਂ ਪੈਦਾ ਕੀਤੀਆਂ ਹਨ। ਇਸ ਕਾਰਨ ਰਾਸ਼ਟਰੀ ਅੰਦੋਲਨ ਵਿੱਚ ਇਸ ਦੀ ਇੱਕ ਖ਼ਾਸ ਥਾਂ ਬਣ ਗਈ ਹੈ। ਸੀਡਬਲਯੂਸੀ ਨੇ ਉਨ੍ਹਾਂ ਮੁਸਲਿਮ ਦੋਸਤਾਂ ਵੱਲੋਂ ਗੀਤ ਦੇ ਕੁਝ ਹਿੱਸਿਆਂ ਨੂੰ ਲੈਕੇ ਉਠਾਏ ਗਏ ਇਤਰਾਜ਼ਾਂ ਨੂੰ ਉਚਿਤ ਮੰਨਿਆ। ਸੀਡਬਲਯੂਸੀ ਨੇ ਜਿੱਥੋਂ ਤੱਕ ਉਚਿਤ ਲੱਗਾ, ਉਨ੍ਹਾਂ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਿਆ।''
ਜਸਟਿਸ ਚੰਦਰੂ ਨੇ ਲਿਖਿਆ ਹੈ, "ਸੀਡਬਲਯੂਸੀ ਇਸ ਨਤੀਜੇ 'ਤੇ ਪਹੁੰਚੀ ਕਿ ਗੀਤ ਦੇ ਸਿਰਫ਼ ਪਹਿਲੇ ਦੋ ਪਦ, ਜਿਨ੍ਹਾਂ ਨੂੰ ਕਾਂਗਰਸ ਅਤੇ ਹੋਰ ਜਨਤਕ ਮੌਕਿਆਂ 'ਤੇ ਆਮ ਤੌਰ 'ਤੇ ਗਾਇਆ ਜਾਂਦਾ ਰਿਹਾ ਹੈ, ਨੂੰ ਰਾਸ਼ਟਰਗੀਤ ਵਜੋਂ ਅਪਣਾਇਆ ਜਾਣਾ ਚਾਹੀਦਾ ਹੈ। ਜੋ ਵੰਦੇ ਮਾਤਰਮ 'ਤੇ ਇਤਰਾਜ਼ ਜਤਾ ਰਹੇ ਸਨ, ਉਨ੍ਹਾਂ ਨੂੰ ਵੀ ਇਨ੍ਹਾਂ ਦੋ ਪਦਾਂ ਨੂੰ ਲੈ ਕੇ ਕੋਈ ਦਿੱਕਤ ਨਹੀਂ ਸੀ। ਸੀਡਬਲਯੂਸੀ ਦੀ ਸਿਫ਼ਾਰਸ਼ ਸੀ ਕਿ ਜਿੱਥੇ ਵੀ ਰਾਸ਼ਟਰੀ ਸਭਾਵਾਂ ਵਿੱਚ ਵੰਦੇ ਮਾਤਰਮ ਗਾਇਆ ਜਾਵੇ, ਸਿਰਫ਼ ਇਨ੍ਹਾਂ ਦੋ ਪਦਾਂ ਨੂੰ ਹੀ ਗਾਇਆ ਜਾਵੇ ਅਤੇ ਰਬਿੰਦਰਨਾਥ ਟੈਗੋਰ ਵੱਲੋਂ ਤਿਆਰ ਕੀਤੇ ਗਏ ਸੰਸਕਰਣ ਅਤੇ ਸੰਗੀਤ ਦਾ ਹੀ ਪਾਲਣ ਕੀਤਾ ਜਾਵੇ।''
ਜਸਟਿਸ ਚੰਦਰੂ ਕਹਿੰਦੇ ਹਨ, ''ਨਰਿੰਦਰ ਮੋਦੀ ਨੇ ਅਸਿੱਧੇ ਤੌਰ 'ਤੇ ਸੀਡਬਲਯੂਸੀ ਦੇ ਇਸੇ ਪ੍ਰਸਤਾਵ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਵਿੱਚ ਸਰਦਾਰ ਪਟੇਲ ਵੀ ਸ਼ਾਮਲ ਸਨ। ਪਰ ਕੀ ਪ੍ਰਧਾਨ ਮੰਤਰੀ ਨੇ ਇਹ ਮਹਿਸੂਸ ਕੀਤਾ ਹੈ ਕਿ ਇਸ ਤਰ੍ਹਾਂ ਉਨ੍ਹਾਂ ਨੇ ਉਨ੍ਹਾਂ ਸਾਰੇ ਰਾਸ਼ਟਰੀ ਆਗੂਆਂ ਦੇ ਫ਼ੈਸਲੇ 'ਤੇ ਸਵਾਲ ਉਠਾਇਆ ਹੈ, ਜਿਨ੍ਹਾਂ ਦੀਆਂ ਟਿੱਪਣੀਆਂ ਦਾ ਇਸਤੇਮਾਲ ਅੱਜ ਗੀਤ ਨੂੰ ਲੈਕੇ ਸਿਆਸੀ ਬੜ੍ਹਤ ਹਾਸਿਲ ਕਰਨ ਲਈ ਚੋਣਵੇਂ ਤਰੀਕੇ ਨਾਲ ਕੀਤਾ ਜਾ ਰਿਹਾ ਹੈ?''
ਬੰਕਿਮ ਚੰਦਰ ਚੱਟੋਪਾਧਿਆਏ ਵੱਲੋਂ ਰਚਿਆ ਗਿਆ ਵੰਦੇ ਮਾਤਰਮ ਪਹਿਲੀ ਵਾਰ 1875 ਵਿੱਚ ਸਾਹਿਤਕ ਪੱਤਰਿਕਾ ਬੰਗਦਰਸ਼ਨ ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ 1896 ਵਿੱਚ ਕਾਂਗਰਸ ਦੀ ਸਭਾ (ਅਧਿਵੇਸ਼ਨ) ਵਿੱਚ ਰਬਿੰਦਰਨਾਥ ਟੈਗੋਰ ਨੇ ਇਸ ਨੂੰ ਗਾਇਆ ਸੀ। ਇਹ ਸਾਰੀਆਂ ਘਟਨਾਵਾਂ ਬੰਗਾਲ ਦੀ ਵੰਡ ਤੋਂ ਕਾਫ਼ੀ ਪਹਿਲਾਂ ਹੋਈਆਂ ਸਨ।
ਸੰਵਿਧਾਨ ਸਭਾ ਵਿੱਚ ਵੀ ਦੇਸ਼ ਲਈ ਰਾਸ਼ਟਰੀ ਗਾਣ ਤੈਅ ਕਰਨ ਨੂੰ ਲੈਕੇ ਵਿਚਾਰ-ਵਟਾਂਦਰਾ ਹੋਇਆ ਸੀ। ਜਸਟਿਸ ਚੰਦਰੂ ਕਹਿੰਦੇ ਹਨ ਕਿ ਸੰਵਿਧਾਨ ਸਭਾ ਦੇ ਮੈਂਬਰਾਂ ਨੂੰ ਤਿੰਨ ਮਹੱਤਵਪੂਰਨ ਗੀਤ ਸੁਣਾਏ ਗਏ ਸਨ, ਜੋ ਉਸ ਸਮੇਂ ਦਾਅਵੇਦਾਰ ਮੰਨੇ ਜਾ ਰਹੇ ਸਨ। ਵੰਦੇ ਮਾਤਰਮ, ਸਾਰੇ ਜਹਾਂ ਸੇ ਅੱਛਾ ਅਤੇ ਜਨ ਗਣ ਮਨ। ਅਰਥ ਦੀ ਦ੍ਰਿਸ਼ਟੀ ਨਾਲ ਧਰਮਨਿਰਪੱਖ ਅਤੇ ਮਾਰਚਿੰਗ ਧੁਨ 'ਤੇ ਆਧਾਰਿਤ ਹੋਣ ਦੇ ਬਾਵਜੂਦ ਸਾਰੇ ਜਹਾਂ ਸੇ ਅੱਛਾ ਨੂੰ ਨਹੀਂ ਚੁਣਿਆ ਗਿਆ, ਕਿਉਂਕਿ ਇਸ ਦੇ ਰਚਨਾਕਾਰ ਅੱਲਾਮਾ ਮੁਹੰਮਦ ਇਕਬਾਲ ਬਾਅਦ ਵਿੱਚ ਪਾਕਿਸਤਾਨ ਦੇ ਪ੍ਰਬਲ ਸਮਰਥਕ ਬਣ ਗਏ ਸਨ।
1949 ਵਿੱਚ ਡਾ. ਰਾਜੇਂਦਰ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਸੰਵਿਧਾਨ ਸਭਾ ਵੱਲੋਂ ਸੰਵਿਧਾਨ ਦਾ ਅੰਤਿਮ ਮਸੌਦਾ ਅਪਣਾਏ ਜਾਣ ਤੋਂ ਬਾਅਦ ਵੀ ਅਤੇ 1950 ਵਿੱਚ ਸੰਵਿਧਾਨ ਲਾਗੂ ਹੋਣ ਤੋਂ ਦੋ ਦਿਨ ਪਹਿਲਾਂ, ਸਦਨ ਵਿੱਚ ਇੱਕ ਸਮੂਹ ਨੇ ਵੰਦੇ ਮਾਤਰਮ ਗਾਇਆ ਸੀ।
ਹੈਦਰਾਬਾਦ ਤੋਂ ਲੋਕ ਸਭਾ ਸੰਸਦ ਮੈਂਬਰ ਅਸਦੁੱਦੀਨ ਓਵੈਸੀ ਨੇ ਵੀ ਇਹੀ ਮੁੱਦਾ ਉਠਾਇਆ ਹੈ। ਉਨ੍ਹਾਂ ਨੇ ਪਿਛਲੇ ਮਹੀਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਸੀ, ''1950 ਵਿੱਚ ਰਾਜੇਂਦਰ ਪ੍ਰਸਾਦ ਨੇ ਇੱਕ ਵੱਡੀ ਗ਼ਲਤੀ ਕੀਤੀ। ਉਨ੍ਹਾਂ ਨੇ ਬਿਨਾਂ ਕਿਸੇ ਰਸਮੀ ਪ੍ਰਸਤਾਵ ਦੇ ਇਸ ਨੂੰ 'ਰਾਸ਼ਟਰੀ ਗੀਤ' ਐਲਾਨ ਦਿੱਤਾ, ਜਦਕਿ ਇਸ ਲਈ ਇੱਕ ਪ੍ਰਸਤਾਵ ਪਾਸ ਕੀਤਾ ਜਾਣਾ ਚਾਹੀਦਾ ਸੀ। 'ਰਾਸ਼ਟਰੀ ਗੀਤ' ਦੀ ਪਰਿਭਾਸ਼ਾ ਕਿਤੇ ਵੀ ਨਹੀਂ ਦਿੱਤੀ ਗਈ ਹੈ। ਕੇਂਦਰ ਸਰਕਾਰ ਸੰਵਿਧਾਨ ਦੇ ਅਨੁਛੇਦ 25, 26 ਅਤੇ 29 ਦੀ ਉਲੰਘਣਾ ਕਰ ਰਹੀ ਹੈ।''
ਜਸਟਿਸ ਚੰਦਰੂ ਨੇ ਲਿਖਿਆ ਹੈ, ''395 ਅਨੁਛੇਦਾਂ ਵਾਲੇ ਸੰਵਿਧਾਨ ਵਿੱਚ ਕਿਸੇ ਵੀ ਰਾਸ਼ਟਰਗੀਤ ਨੂੰ ਸੰਵਿਧਾਨਕ ਢਾਂਚੇ ਦਾ ਹਿੱਸਾ ਨਹੀਂ ਬਣਾਇਆ ਗਿਆ ਸੀ।''
ਇਮੈਨੂਅਲ ਬਨਾਮ ਕੇਰਲ ਸਰਕਾਰ
ਪ੍ਰੀਵੇਂਸ਼ਨ ਆਫ਼ ਇੰਸਲਟਸ ਟੂ ਨੈਸ਼ਨਲ ਆਨਰ ਐਕਟ, 1971 ਦੇ ਤਹਿਤ ਰਾਸ਼ਟਰੀ ਗਾਣ ਦਾ ਅਪਮਾਨ ਦੰਡਯੋਗ ਅਪਰਾਧ ਬਣਾਇਆ ਗਿਆ। ਪਰ ਇਸ ਕਾਨੂੰਨ ਵਿੱਚ ਰਾਸ਼ਟਰੀ ਗਾਣ ਨੂੰ ਰੋਕਣ ਨੂੰ ਸਪਸ਼ਟ ਤੌਰ 'ਤੇ ਅਪਰਾਧ ਬਣਾਇਆ ਗਿਆ ਹੈ, ਜਦਕਿ ਰਾਸ਼ਟਰਗੀਤ ਲਈ ਅਜਿਹੀ ਸਮਾਨਾਂਤਰ ਵਿਵਸਥਾ ਨਹੀਂ ਸੀ।
ਬਿਜੋ ਇਮੈਨੂਅਲ ਬਨਾਮ ਕੇਰਲ ਸਰਕਾਰ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਧਰਮ ਅਤੇ ਪ੍ਰਗਟਾਵੇ ਦੀ ਆਜ਼ਾਦੀ ਨਾਲ ਜੁੜੇ ਸੰਵਿਧਾਨਕ ਅਧਿਕਾਰਾਂ ਨੂੰ ਬਰਕਰਾਰ ਰੱਖਿਆ ਸੀ, ਬਸ਼ਰਤੇ ਕਿਸੇ ਵਿਅਕਤੀ ਦਾ ਵਿਹਾਰ ਜਨਤਕ ਵਿਵਸਥਾ ਨੂੰ ਭੰਗ ਨਾ ਕਰੇ ਅਤੇ ਰਾਸ਼ਟਰੀ ਪ੍ਰਤੀਕਾਂ ਦਾ ਅਪਮਾਨ ਨਾ ਹੋਵੇ।
ਇਸ ਕੇਸ ਬਾਰੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸੰਜੇ ਹੇਗੜੇ ਨੇ ਇਸੇ ਸਾਲ ਦੋ ਜੂਨ ਨੂੰ ਦਿ ਹਿੰਦੂ ਵਿੱਚ ਲਿਖਿਆ ਸੀ, ''ਜੁਲਾਈ 1985 ਵਿੱਚ ਕੇਰਲ ਦੇ ਤਿੰਨ ਬੱਚਿਆਂ ਬਿਜੋ, ਬਿਨੂ ਮੋਲ ਅਤੇ ਬਿੰਦੂ ਇਮੈਨੂਅਲ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ। ਉਹ ਜੇਹੋਵਾਹ ਵਿਟਨੈੱਸ (ਈਸਾਈ ਧਰਮ ਦਾ ਇੱਕ ਸੰਪਰਦਾਇ) ਭਾਈਚਾਰੇ ਨਾਲ ਸਬੰਧਿਤ ਸਨ। ਹਰ ਸਵੇਰ ਪ੍ਰਾਰਥਨਾ ਸਭਾ ਦੌਰਾਨ ਜਦੋਂ ਰਾਸ਼ਟਰੀ ਗਾਣ ਵਜਾਇਆ ਜਾਂਦਾ ਸੀ, ਤਾਂ ਉਹ ਸਨਮਾਨਪੂਰਵਕ ਖੜ੍ਹੇ ਹੁੰਦੇ ਸਨ। ਪਰ ਉਹ ਰਾਸ਼ਟਰੀ ਗਾਣ ਨਹੀਂ ਗਾਉਂਦੇ ਸਨ, ਕਿਉਂਕਿ ਉਨ੍ਹਾਂ ਦਾ ਧਰਮ ਇਸ ਦੀ ਇਜਾਜ਼ਤ ਨਹੀਂ ਦਿੰਦਾ ਸੀ।''
ਸੰਜੇ ਹੇਗੜੇ ਨੇ ਲਿਖਿਆ ਹੈ, ''ਉਨ੍ਹਾਂ ਨੇ ਨਾ ਤਾਂ ਕੋਈ ਹੰਗਾਮਾ ਕੀਤਾ, ਨਾ ਕਿਸੇ ਨੂੰ ਪਰੇਸ਼ਾਨ ਕੀਤਾ ਅਤੇ ਨਾ ਹੀ ਪ੍ਰੋਗਰਾਮ ਵਿੱਚ ਕੋਈ ਰੁਕਾਵਟ ਪਾਈ। ਪਰ ਬਾਅਦ ਵਿੱਚ ਸੂਬੇ ਦੇ ਇੱਕ ਮੰਤਰੀ ਦੇ ਦਖ਼ਲ ਤੋਂ ਬਾਅਦ ਉਨ੍ਹਾਂ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ। ਕੇਰਲ ਹਾਈ ਕੋਰਟ ਨੇ ਸਕੂਲ ਦੇ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ, ਪਰ ਸੁਪਰੀਮ ਕੋਰਟ ਨੇ ਇਸ ਨੂੰ ਪੂਰੀ ਤਰ੍ਹਾਂ ਗ਼ਲਤ ਮੰਨਿਆ।''
''ਆਪਣੇ ਫ਼ੈਸਲੇ ਵਿੱਚ ਜਸਟਿਸ ਓ. ਚਿੰਨੱਪਾ ਰੈੱਡੀ ਨੇ ਕਿਹਾ ਸੀ ਕਿ ਬੱਚਿਆਂ ਨੂੰ ਸਕੂਲ ਤੋਂ ਕੱਢਣਾ ਉਨ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਅਤੇ ਧਾਰਮਿਕ ਆਜ਼ਾਦੀ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਅਜਿਹੀ ਗੱਲ ਕਹੀ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਹੈ - "ਰਾਸ਼ਟਰੀ ਗਾਣ ਦੇ ਸਨਮਾਨ ਲਈ ਉਸ ਦੇ ਵਜਾਏ ਜਾਂ ਗਾਏ ਜਾਣ ਦੌਰਾਨ ਖੜ੍ਹਾ ਹੋਣਾ ਕਾਫ਼ੀ ਹੈ। ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਰਾਸ਼ਟਰੀ ਗਾਣ ਦੇ ਨਾਲ ਨਾ ਗਾਉਣ ਨਾਲ ਉਸ ਦਾ ਅਨਾਦਰ ਹੁੰਦਾ ਹੈ''।''
''ਅਦਾਲਤ ਨੇ ਸਪਸ਼ਟ ਕੀਤਾ ਕਿ ਰਾਸ਼ਟਰੀ ਗਾਣ ਦੇ ਨਾਲ ਨਾ ਗਾਉਣ ਨੂੰ ਅਨਾਦਰ ਨਹੀਂ ਮੰਨਿਆ ਜਾ ਸਕਦਾ। ਸਨਮਾਨਪੂਰਵਕ ਖੜ੍ਹੇ ਰਹਿ ਕੇ ਚੁੱਪ ਰਹਿਣਾ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੈ। ਬੱਚਿਆਂ ਦਾ ਚੁੱਪ ਰਹਿਣ ਦਾ ਅਧਿਕਾਰ, ਜੋ ਖੁਦ ਪ੍ਰਗਟਾਵੇ ਦੀ ਆਜ਼ਾਦੀ ਦਾ ਹਿੱਸਾ ਹੈ, ਸੰਵਿਧਾਨ ਵੱਲੋਂ ਸੁਰੱਖਿਅਤ ਮੰਨਿਆ ਗਿਆ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ