You’re viewing a text-only version of this website that uses less data. View the main version of the website including all images and videos.
ਅਸੀਂ ਉਨ੍ਹਾਂ ਚੀਜ਼ਾਂ ਤੋਂ ਇੰਨਾ ਡਰਦੇ ਕਿਉਂ ਹਾਂ ਜੋ ਸ਼ਾਇਦ ਸਾਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਵੀ ਨਹੀਂ ਹੁੰਦੀਆਂ, ਜਾਣੋ ਡਰ ਫੋਬੀਆ ਕਦੋਂ ਬਣਦਾ ਹੈ
- ਲੇਖਕ, ਡੇਜ਼ੀ ਸਟੀਫਨਜ਼
- ਰੋਲ, ਬੀਬੀਸੀ ਵਰਲਡ ਸਰਵਿਸ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਜੇ ਤੁਹਾਡੇ ਲਿਵਿੰਗ ਰੂਮ ਦੇ ਫਰਸ਼ 'ਤੇ ਅਚਾਨਕ ਕੋਈ ਮੱਕੜੀ ਜਾਂ ਕਾਕਰੋਚ ਦੌੜਦਾ ਹੋਇਆ ਲੰਘ ਜਾਵੇ, ਤਾਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ?
ਜ਼ਿਆਦਾਤਰ ਮੱਕੜੀਆਂ ਵਿੱਚ ਜ਼ਹਿਰ ਹੁੰਦਾ ਹੈ, ਪਰ ਇਨ੍ਹਾਂ ਵਿੱਚੋਂ ਬਹੁਤ ਹੀ ਥੋੜ੍ਹੀਆਂ ਮੱਕੜੀਆਂ ਮਨੁੱਖਾਂ ਲਈ ਖ਼ਤਰਨਾਕ ਹੁੰਦੀਆਂ ਹਨ। ਇੰਸਟੀਚਿਊਟ ਫਾਰ ਐਨਵਾਇਰਨਮੈਂਟਲ ਰਿਸਰਚ ਐਂਡ ਐਜੂਕੇਸ਼ਨ ਦੇ ਅਨੁਸਾਰ, ਦੁਨੀਆ ਭਰ ਵਿੱਚ ਹਰ ਸਾਲ ਮੱਕੜੀ ਦੇ ਕੱਟਣ ਨਾਲ 10 ਤੋਂ ਵੀ ਘੱਟ ਲੋਕਾਂ ਦੀ ਮੌਤ ਹੁੰਦੀ ਹੈ, ਹਾਲਾਂਕਿ ਸਹੀ ਅੰਕੜੇ ਇਕੱਠੇ ਕਰਨਾ ਮੁਸ਼ਕਲ ਹੈ।
ਇਸ ਦੇ ਬਾਵਜੂਦ ਬਹੁਤ ਸਾਰੇ ਲੋਕ, ਜਿਨ੍ਹਾਂ ਵਿੱਚ ਮੈਂ ਖ਼ੁਦ ਵੀ ਸ਼ਾਮਲ ਹਾਂ, ਕਹਿੰਦੇ ਹਨ ਕਿ ਉਨ੍ਹਾਂ ਨੂੰ ਮੱਕੜੀਆਂ ਦਾ ਫੋਬੀਆ ਹੈ। ਜੇ ਮੈਨੂੰ ਪਤਾ ਹੋਵੇ ਕਿ ਮੇਰੇ ਕਮਰੇ ਵਿੱਚ ਕੋਈ ਮੱਕੜੀ ਹੈ, ਤਾਂ ਮੈਂ ਸੌਂ ਨਹੀਂ ਸਕਦੀ ਅਤੇ ਮੱਕੜੀ ਦੇ ਜਾਲਿਆਂ ਬਾਰੇ ਮਹਿਜ ਸੋਚਣ ਨਾਲ ਵੀ ਮੈਨੂੰ ਕੰਬਨੀ ਉੱਠ ਜਾਂਦੀ ਹੈ।
ਕਈ ਮਾਮਲਿਆਂ ਵਿੱਚ, ਫੋਬੀਆ ਕਿਸੇ ਅਜਿਹੀ ਚੀਜ਼ ਦਾ ਤੀਬਰ ਡਰ ਹੁੰਦਾ ਹੈ ਜੋ ਘੱਟੋ-ਘੱਟ ਆਪਣੇ ਆਪ ਵਿੱਚ ਸਾਨੂੰ ਗੰਭੀਰ ਨੁਕਸਾਨ ਨਹੀਂ ਪਹੁੰਚਾ ਸਕਦੀ। ਤਾਂ ਫਿਰ ਇਹ ਫੋਬੀਆ ਇੰਨੇ ਆਮ ਕਿਉਂ ਹਨ ਅਤੇ ਇਹ ਕਿਵੇਂ ਪੈਦਾ ਹੁੰਦੇ ਹਨ?
ਡਰ ਤੋਂ ਫੋਬੀਆ ਤੱਕ
ਅਮਰੀਕਾ ਦੇ ਨਿਊ ਜਰਸੀ ਸੂਬੇ ਵਿੱਚ ਸਥਿਤ ਰਟਗਰਜ਼ ਯੂਨੀਵਰਸਿਟੀ ਦੀ ਮਨੋਵਿਗਿਆਨ ਦੀ ਪ੍ਰੋਫੈਸਰ ਵੈਨੇਸਾ ਲੋਬਿਊ ਦੇ ਅਨੁਸਾਰ, ਡਰ ਮਨੁੱਖਾਂ ਲਈ ਇੱਕ ਬਹੁਤ ਮਹੱਤਵਪੂਰਨ ਭਾਵਨਾ ਹੈ।
ਉਹ ਕਹਿੰਦੇ ਹਨ, "ਡਰ ਮਹੱਤਵਪੂਰਨ ਹੈ ਕਿਉਂਕਿ ਇਹ ਸਾਨੂੰ ਸੰਭਾਵਿਤ ਤੌਰ 'ਤੇ ਖ਼ਤਰਨਾਕ ਚੀਜ਼ਾਂ ਤੋਂ ਬਚਾਉਂਦਾ ਹੈ।"
ਹੰਗਰੀ ਦੀ ਯੂਨੀਵਰਸਿਟੀ ਆਫ਼ ਪੇਕਸ ਵਿੱਚ ਵਿਜ਼ੂਅਲ ਕਾਗਨੀਸ਼ਨ ਐਂਡ ਇਮੋਸ਼ਨ ਲੈਬ ਦੇ ਨਿਰਦੇਸ਼ਕ ਆਂਡਰਾਸ ਜ਼ਸ਼ੀਡੋ ਦਾ ਕਹਿਣਾ ਹੈ ਕਿ ਜੇ ਕੋਈ ਡਰ ਬਹੁਤ ਜ਼ਿਆਦਾ ਅਤੇ ਵਿਅਕਤੀ ਨੂੰ ਕਮਜ਼ੋਰ ਕਰਨ ਵਾਲੇ ਰੂਪ ਵਿੱਚ ਵਿਕਸਿਤ ਹੋ ਜਾਵੇ, ਤਾਂ ਇਸ ਨੂੰ ਫੋਬੀਆ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ।
ਉਹ ਕਹਿੰਦੇ ਹਨ, "ਅਸੀਂ ਇਸ ਨੂੰ ਇੱਕ ਲਗਾਤਾਰ ਬਦਲਦੇ ਪੈਮਾਨੇ ਵਾਂਗ ਸਮਝ ਸਕਦੇ ਹਾਂ, ਜਿਸ ਦੀ ਸ਼ੁਰੂਆਤ ਇੱਕ ਆਮ ਡਰ ਨਾਲ ਹੁੰਦੀ ਹੈ ਅਤੇ ਹਰ ਕੋਈ ਕਿਸੇ ਨਾ ਕਿਸੇ ਚੀਜ਼ ਤੋਂ ਡਰਦਾ ਹੈ।"
"ਪਰ ਜਦੋਂ ਇਹ ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਰੁਕਾਵਟ ਬਣਨਾ ਸ਼ੁਰੂ ਕਰ ਦੇਵੇ, ਤਾਂ ਅਸੀਂ ਇਸ ਨੂੰ ਫੋਬੀਆ ਮੰਨ ਸਕਦੇ ਹਾਂ।"
ਲੋਬਿਊ ਇਹ ਵੀ ਕਹਿੰਦੇ ਹਨ ਕਿ ਫੋਬੀਆ ਆਮ ਤੌਰ 'ਤੇ ਅਸਲ ਖ਼ਤਰੇ ਦੇ ਮੁਕਾਬਲੇ ਬੇਹੱਦ ਵੱਧ ਖ਼ਤਰਾ ਮਹਿਸੂਸ ਕਰਾਉਂਦੇ ਹਨ। ਭਾਵ, ਖ਼ਤਰਾ ਜਿੰਨਾ ਹੁੰਦਾ ਹੈ, ਵਿਅਕਤੀ ਨੂੰ ਉਸ ਤੋਂ ਕਿਤੇ ਵੱਧ ਖ਼ਤਰਾ ਮਹਿਸੂਸ ਹੁੰਦਾ ਹੈ।
ਉਦਾਹਰਣ ਵਜੋਂ, ਦੁਨੀਆ ਦੇ ਕੁਝ ਹਿੱਸਿਆਂ ਵਿੱਚ, ਜਿਵੇਂ ਕਿ ਬ੍ਰਿਟੇਨ ਜਿੱਥੇ ਮੈਂ ਰਹਿੰਦੀ ਹਾਂ, ਸੱਪਾਂ ਦੀਆਂ ਜ਼ਿਆਦਾਤਰ ਕਿਸਮਾਂ ਮਨੁੱਖਾਂ ਲਈ ਖ਼ਤਰਨਾਕ ਨਹੀਂ ਹੁੰਦੀਆਂ। ਇਸ ਲਈ ਉਨ੍ਹਾਂ ਦਾ ਬਹੁਤ ਜ਼ਿਆਦਾ ਡਰ ਤਰਕਹੀਣ ਹੋ ਸਕਦਾ ਹੈ ਅਤੇ ਫੋਬੀਆ ਮੰਨਿਆ ਜਾ ਸਕਦਾ ਹੈ। ਪਰ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਇਹ ਗੱਲ ਘੱਟ ਲਾਗੂ ਹੋ ਸਕਦੀ ਹੈ।
ਜਨਮਜਾਤ ਜਾਂ ਸਿੱਖਿਆ ਹੋਇਆ?
ਭਾਵੇਂ ਕੁਝ ਫੋਬੀਆ ਬਹੁਤ ਆਮ ਹਨ, ਪਰ ਬਹੁਤ ਸਾਰੇ ਮਾਹਿਰ ਇਹ ਨਹੀਂ ਮੰਨਦੇ ਕਿ ਅਸੀਂ ਇਨ੍ਹਾਂ ਨਾਲ ਹੀ ਜਨਮ ਲੈਂਦੇ ਹਾਂ। ਲੋਬਿਊ ਦਾ ਮੰਨਣਾ ਹੈ ਕਿ ਡਰ ਇੱਕ ਅਜਿਹੀ ਭਾਵਨਾ ਹੈ ਜਿਸ ਨੂੰ ਛੋਟੇ ਬੱਚੇ ਜਨਮ ਤੋਂ ਹੀ ਮਹਿਸੂਸ ਨਹੀਂ ਕਰਦੇ।
ਉਹ ਕਹਿੰਦੇ ਹਨ, "ਤੁਸੀਂ ਡਰ ਨੂੰ ਬਾਅਦ ਵਿੱਚ ਹੀ ਦੇਖਦੇ ਹੋ ਕਿਉਂਕਿ ਡਰ ਲਈ ਇਹ ਸਮਝਣਾ ਜ਼ਰੂਰੀ ਹੁੰਦਾ ਹੈ ਕਿ ਕੋਈ ਚੀਜ਼ ਖ਼ਤਰਨਾਕ ਹੈ ਅਤੇ ਅਜਿਹਾ ਕਰਨ ਲਈ ਤੁਹਾਨੂੰ ਦੁਨੀਆ ਬਾਰੇ ਕੁਝ ਜਾਣਕਾਰੀ ਹੋਣੀ ਲਾਜ਼ਮੀ ਹੈ।"
ਜੇ ਅਸੀਂ ਮੱਕੜੀਆਂ ਜਾਂ ਸੱਪਾਂ ਤੋਂ ਡਰ ਲੈ ਕੇ ਪੈਦਾ ਨਹੀਂ ਹੁੰਦੇ, ਤਾਂ ਲੋਕ ਖ਼ਾਸ ਤੌਰ 'ਤੇ ਇਨ੍ਹਾਂ ਚੀਜ਼ਾਂ ਤੋਂ ਫੋਬੀਆ ਕਿਉਂ ਵਿਕਸਿਤ ਕਰ ਲੈਂਦੇ ਹਨ?
ਆਸਟਰੀਆ ਦੀ ਯੂਨੀਵਰਸਿਟੀ ਆਫ਼ ਵੀਅਨਾ ਵਿੱਚ ਡਿਵੈਲਪਮੈਂਟਲ ਸਾਈਕੋਲੋਜੀ ਦੀ ਪ੍ਰੋਫੈਸਰ ਸਟੇਫਨੀ ਹੋਏਹਲ ਨੇ ਇੱਕ ਅਧਿਐਨ ਕੀਤਾ, ਜਿਸ ਵਿੱਚ ਪਤਾ ਲੱਗਿਆ ਕਿ ਜਦੋਂ ਬੱਚਿਆਂ ਨੂੰ ਫੁੱਲਾਂ ਅਤੇ ਮੱਛੀਆਂ ਦੀ ਬਜਾਏ ਸੱਪਾਂ ਜਾਂ ਮੱਕੜੀਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ, ਤਾਂ ਉਨ੍ਹਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਵੱਧ ਫੈਲ ਗਈਆਂ।
ਪੁਤਲੀਆਂ ਦਾ ਫੈਲਣਾ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਉਹ ਸੰਭਾਵਿਤ ਖ਼ਤਰੇ ਨੂੰ ਮਹਿਸੂਸ ਕਰ ਰਹੇ ਸਨ। ਇਹ ਨੋਰਐਡਰੇਨਰਜਿਕ ਸਿਸਟਮ ਦੀ ਸਰਗਰਮੀ ਨਾਲ ਜੁੜਿਆ ਹੁੰਦਾ ਹੈ, ਜੋ ਸਰੀਰ ਦੀ "ਲੜੋ ਜਾਂ ਭੱਜੋ" ਪ੍ਰਤੀਕਿਰਿਆ ਨਾਲ ਸੰਬੰਧਿਤ ਹੈ।
ਇਸ ਦੌਰਾਨ ਸਰੀਰ ਸੰਭਾਵਿਤ ਖ਼ਤਰੇ ਨਾਲ ਲੜਨ ਜਾਂ ਉਸ ਤੋਂ ਭੱਜਣ ਲਈ ਤਿਆਰ ਹੁੰਦਾ ਹੈ ਅਤੇ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ ਅਤੇ ਸਾਹ ਲੈਣ ਦੀ ਰਫ਼ਤਾਰ ਵਧ ਜਾਂਦੀ ਹੈ।
ਹੋਏਹਲ ਇਹ ਨਹੀਂ ਮੰਨਦੇ ਕਿ ਡਰ ਜਨਮਜਾਤ ਹੁੰਦੇ ਹਨ, ਪਰ ਉਹ ਕਹਿੰਦੇ ਹਨ ਕਿ ਸਾਡੇ ਆਲੇ-ਦੁਆਲੇ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਹੋਰਾਂ ਦੇ ਮੁਕਾਬਲੇ ਜਲਦੀ ਪਛਾਣ ਸਕਦੇ ਹਾਂ ਅਤੇ ਇਸ ਦਾ ਇੱਕ ਕਾਰਨ ਉਨ੍ਹਾਂ ਦੇ ਹਿੱਲਣ-ਡੁੱਲਣ ਦਾ ਢੰਗ ਵੀ ਹੋ ਸਕਦਾ ਹੈ।
ਉਹ ਕਹਿੰਦੇ ਹਨ, "ਦੁਨੀਆ ਵਿੱਚ ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਤੋਂ ਡਰਨਾ ਸਿੱਖਣ ਲਈ ਅਸੀਂ ਪਹਿਲਾਂ ਤੋਂ ਹੀ ਤਿਆਰ ਹੁੰਦੇ ਹਾਂ।"
ਲੋਬਿਊ ਦਾ ਮੰਨਣਾ ਹੈ ਕਿ ਅਸੀਂ ਮੱਕੜੀਆਂ ਅਤੇ ਸੱਪਾਂ ਤੋਂ ਡਰਨਾ ਹੋਰ ਜਾਨਵਰਾਂ ਦੀ ਤੁਲਨਾ ਵਿੱਚ ਆਸਾਨੀ ਨਾਲ ਸਿੱਖ ਲੈਂਦੇ ਹਾਂ ਕਿਉਂਕਿ ਉਹ "ਅਜੀਬ" ਹੁੰਦੇ ਹਨ। ਇਹ ਗੱਲ ਮੈਨੂੰ ਪੂਰੀ ਤਰ੍ਹਾਂ ਮਨਜ਼ੂਰ ਹੈ।
ਉਹ ਕਹਿੰਦੇ ਹਨ, "ਸੱਪ ਬਾਰੇ ਸੋਚੋ, ਦੁਨੀਆ ਵਿੱਚ ਸੱਪ ਵਰਗੀ ਹੋਰ ਕੋਈ ਚੀਜ਼ ਨਹੀਂ ਹੈ।" "ਸੋਚੋ ਕਿ ਬੱਚੇ ਜਾਨਵਰਾਂ ਨੂੰ ਕਿਵੇਂ ਦੇਖਣਾ ਸਿੱਖਦੇ ਹਨ। ਆਮ ਤੌਰ 'ਤੇ ਉਹ ਚਾਰ ਪੈਰਾਂ ਵਾਲੇ ਜੀਵ ਹੁੰਦੇ ਹਨ, ਜੋ ਤੁਰਦੇ ਹਨ। ਸੱਪ ਅਜਿਹਾ ਨਹੀਂ ਕਰਦੇ। ਮੱਕੜੀਆਂ ਵੀ ਬਿਲਕੁਲ ਵੱਖਰੇ ਢੰਗ ਨਾਲ ਹਿੱਲਦੀਆਂ ਹਨ। ਸਾਨੂੰ ਇਹ ਪਸੰਦ ਨਹੀਂ ਆਉਂਦਾ।"
ਕੁਝ ਮਾਹਿਰ ਮੰਨਦੇ ਹਨ ਕਿ ਕੁਝ ਖ਼ਾਸ ਚੀਜ਼ਾਂ ਤੋਂ ਡਰਨ ਦੀ ਇਹ ਪ੍ਰਵਿਰਤੀ ਮਨੁੱਖੀ ਵਿਕਾਸ ਦਾ ਨਤੀਜਾ ਹੋ ਸਕਦੀ ਹੈ।
ਜ਼ਸ਼ੀਡੋ ਕਹਿੰਦੇ ਹਨ, "ਸ਼ੁਰੂਆਤੀ ਮਨੁੱਖ ਬਹੁਤ ਅਣਪਛਾਤੇ ਹਾਲਾਤਾਂ ਵਿੱਚ ਰਹਿੰਦੇ ਸਨ।"
"ਮਨੁੱਖੀ ਵਿਕਾਸ ਦੇ ਕਿਸੇ ਨਾ ਕਿਸੇ ਦੌਰ ਵਿੱਚ ਹਰ ਡਰ ਅਤੇ ਹਰ ਫੋਬੀਆ ਦੇ ਪਿੱਛੇ ਕੋਈ ਨਾ ਕੋਈ ਵਾਜਬ ਕਾਰਨ ਰਿਹਾ ਹੋਵੇਗਾ। ਪਰ ਸਮੇਂ ਦੇ ਨਾਲ ਇਹ ਡਰ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਨਾ ਤਾਂ ਲਾਭਦਾਇਕ ਰਹੇ ਅਤੇ ਨਾ ਹੀ ਤਰਕਸੰਗਤ।"
ਪਰ ਕੁਝ ਖ਼ਾਸ ਡਰ ਸਿੱਖਣ ਦੀ ਇਹ ਵਿਕਾਸਵਾਦੀ ਪ੍ਰਵਿਰਤੀ, ਜਿਸ ਨੂੰ 'ਪ੍ਰਿਪੇਅਰਡਨੈੱਸ ਥਿਊਰੀ' ਕਿਹਾ ਜਾਂਦਾ ਹੈ, ਆਪਣੇ ਆਪ ਵਿੱਚ ਫੋਬੀਆ ਪੈਦਾ ਕਰਨ ਲਈ ਕਾਫ਼ੀ ਨਹੀਂ ਹੈ।
ਲੋਬਿਊ ਦੇ ਅਨੁਸਾਰ, ਕਿਸੇ ਜਾਨਵਰ ਜਾਂ ਵਸਤੂ ਨਾਲ ਸਿੱਧਾ ਨਕਾਰਾਤਮਕ ਤਜਰਬਾ ਹੋਣਾ ਉਸ ਤੋਂ ਡਰ ਪੈਦਾ ਕਰਨ ਦਾ ਬਹੁਤ ਤੇਜ਼ ਤਰੀਕਾ ਹੈ, ਖ਼ਾਸ ਤੌਰ 'ਤੇ ਜੇ ਸਾਡੇ ਅੰਦਰ ਪਹਿਲਾਂ ਹੀ ਉਸ ਤੋਂ ਡਰਨ ਦੀ ਕੁਦਰਤੀ ਪ੍ਰਵਿਰਤੀ ਮੌਜੂਦ ਹੋਵੇ।
ਪਰ ਅਸੀਂ ਹੋਰ ਲੋਕਾਂ ਨੂੰ ਕਿਸੇ ਚੀਜ਼ ਪ੍ਰਤੀ ਨਕਾਰਾਤਮਕ ਪ੍ਰਤੀਕਿਰਿਆ ਦਿੰਦੇ ਦੇਖ ਕੇ ਵੀ ਉਸ ਤੋਂ ਡਰਨਾ ਸਿੱਖ ਸਕਦੇ ਹਾਂ।
ਲੋਬਿਊ ਕਹਿੰਦੇ ਹਨ, "ਤੁਹਾਡੇ ਸਰੀਰ ਵਿੱਚ ਇੱਕ ਸਰੀਰਕ ਪ੍ਰਤੀਕਿਰਿਆ ਹੁੰਦੀ ਹੈ—ਤੁਹਾਨੂੰ ਕਿਸੇ ਚੀਜ਼ ਨੇ ਕੱਟ ਲਿਆ ਜਾਂ ਤੁਸੀਂ ਅਚਾਨਕ ਡਰ ਗਏ।"
"ਅਤੇ ਫਿਰ... ਮਾਂ ਦੀ ਪ੍ਰਤੀਕਿਰਿਆ ਜਾਂ ਮਾਂ ਦਾ ਇਹ ਕਹਿਣਾ ਕਿ 'ਹਾਂ, ਇਹ ਸੱਚਮੁੱਚ ਬਹੁਤ ਬੁਰੀ ਚੀਜ਼ ਹੈ'... ਤੁਹਾਡੇ ਅੰਦਰ ਉਸ ਚੀਜ਼ ਤੋਂ ਡਰ ਸਿੱਖਣ ਦੀ ਸੰਭਾਵਨਾ ਹੋਰ ਵਧਾ ਦਿੰਦਾ ਹੈ।"
ਇਸ ਕਾਰਨ, ਹੋਏਹਲ ਦੇ ਅਨੁਸਾਰ, ਫੋਬੀਆ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਵੀ ਪਹੁੰਚ ਸਕਦੇ ਹਨ।
ਇਹ ਜਾਣੋ ਕਿ ਜਾਨਵਰ ਕਦੋਂ ਰੱਖਿਅਕ ਬਣਦੇ ਅਤੇ ਕਦੋਂ ਨਹੀਂ...
ਇਹ ਦੇਖਦੇ ਹੋਏ ਕਿ ਤਜਰਬੇ ਕਿਸੇ ਚੀਜ਼ ਪ੍ਰਤੀ ਸਾਡੇ ਡਰ ਨੂੰ ਪ੍ਰਭਾਵਿਤ ਕਰਦੇ ਹਨ, ਲੋਬਿਊ ਇਹ ਵੀ ਮੰਨਦੇ ਹਨ ਕਿ ਸੱਪਾਂ ਅਤੇ ਮੱਕੜੀਆਂ ਦੇ ਫੋਬੀਆ ਇੰਨੇ ਆਮ ਹੋਣ ਪਿੱਛੇ ਸੱਭਿਆਚਾਰ ਦੀ ਵੀ ਕੁਝ ਭੂਮਿਕਾ ਹੈ।
ਉਹ ਕਹਿੰਦੇ ਹਨ, "ਫ਼ਿਲਮਾਂ ਦੇਖੋ, ਕਿਤਾਬਾਂ ਦੇਖੋ। ਸੱਪ ਅਤੇ ਮੱਕੜੀਆਂ ਕਦੋਂ ਕਿਸੇ ਦੇ ਰੱਖਿਅਕ ਬਣਦੇ ਹਨ? ਕਦੋਂ ਨਹੀਂ।"
ਕੁਦਰਤੀ ਦੁਨੀਆ ਨਾਲ ਜੁੜੀਆਂ ਚੀਜ਼ਾਂ ਦੇ ਫੋਬੀਆ, ਜਿਨ੍ਹਾਂ ਨੂੰ ਬਾਇਓਫੋਬੀਆ ਕਿਹਾ ਜਾਂਦਾ ਹੈ, ਦੇ ਮਾਮਲੇ ਵਿੱਚ ਇੱਕ ਹੋਰ ਕਾਰਕ ਵੀ ਹੋ ਸਕਦਾ ਹੈ।
ਜ਼ਸ਼ੀਡੋ ਨੇ ਇਹ ਪਤਾ ਲਗਾਉਣ ਲਈ ਅਧਿਐਨ ਕੀਤਾ ਕਿ ਕਿਸੇ ਵਿਅਕਤੀ ਦੇ ਵਾਤਾਵਰਣ ਦੇ ਸ਼ਹਿਰੀਕਰਨ ਅਤੇ ਜਾਨਵਰਾਂ ਨਾਲ ਜੁੜੇ ਫੋਬੀਆ ਵਿਚਕਾਰ ਕੋਈ ਸਬੰਧ ਹੈ ਜਾਂ ਨਹੀਂ। ਉਨ੍ਹਾਂ ਨੇ ਪਾਇਆ ਕਿ ਜਿੰਨਾ ਜ਼ਿਆਦਾ ਕੋਈ ਇਲਾਕਾ ਸ਼ਹਿਰੀਕ੍ਰਿਤ ਸੀ, ਉੱਥੇ ਬਾਇਓਫੋਬੀਆ ਵੀ ਓਨੇ ਹੀ ਆਮ ਸਨ।
ਉਹ ਕਹਿੰਦੇ ਹਨ, "ਇਹ ਲੱਗਦਾ ਹੈ ਕਿ ਜੋ ਲੋਕ ਕੁਦਰਤ ਵਿੱਚ ਜ਼ਿਆਦਾ ਸਮਾਂ ਬਿਤਾਉਂਦੇ ਹਨ ਅਤੇ ਜਿਨ੍ਹਾਂ ਨੂੰ ਕੁਦਰਤ ਦਾ ਵਧੇਰੇ ਤਜਰਬਾ ਹੁੰਦਾ ਹੈ, ਉਹ ਉਨ੍ਹਾਂ ਜਾਨਵਰਾਂ ਤੋਂ ਘੱਟ ਡਰਦੇ ਹਨ ਜਿਨ੍ਹਾਂ ਦਾ ਉਨ੍ਹਾਂ ਨੂੰ ਸਾਹਮਣਾ ਹੋ ਸਕਦਾ ਹੈ।"
ਅੱਜ ਦੁਨੀਆ ਭਰ ਵਿੱਚ 80 ਫ਼ੀਸਦੀ ਤੋਂ ਵੱਧ ਲੋਕ ਸ਼ਹਿਰੀ ਇਲਾਕਿਆਂ ਵਿੱਚ ਰਹਿੰਦੇ ਹਨ। ਇਸ ਲਈ ਇਹ ਸਮਝ ਆਉਂਦੀ ਹੈ ਕਿ ਜਾਨਵਰਾਂ ਨਾਲ ਜੁੜੇ ਫੋਬੀਆ ਇੰਨੇ ਆਮ ਕਿਉਂ ਹਨ।
ਆਪਣੇ ਡਰ ਨੂੰ ਕਿਵੇਂ ਦੂਰ ਕਰੀਏ?
ਜ਼ਿਆਦਾਤਰ ਮਾਹਿਰ ਦੋ ਗੱਲਾਂ 'ਤੇ ਸਹਿਮਤ ਹਨ, ਪਹਿਲੀ, ਸਾਡੇ ਫੋਬੀਆ ਨੂੰ ਸਿੱਖਿਆ ਨਾਲ ਦੂਰ ਕੀਤਾ ਜਾ ਸਕਦਾ ਹੈ ਅਤੇ ਦੂਜੀ, ਇਸ ਦਾ ਸਭ ਤੋਂ ਵਧੀਆ ਤਰੀਕਾ ਉਸ ਚੀਜ਼ ਦਾ ਹੌਲੀ-ਹੌਲੀ ਸਾਹਮਣਾ ਕਰਨਾ ਹੈ ਜਿਸ ਤੋਂ ਸਾਨੂੰ ਡਰ ਲੱਗਦਾ ਹੈ।
ਹੋਏਹਲ ਕਹਿੰਦੇ ਹਨ, "ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਸਥਿਤੀਆਂ ਵਿੱਚ ਤੁਸੀਂ ਥੋੜ੍ਹੇ ਜਿਹੇ ਅਸਹਿਜ ਹੋ ਜਾਂਦੇ ਹੋ, ਤਾਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਅੱਗੇ ਵਧਾਉਣਾ ਇੱਕ ਚੰਗਾ ਵਿਚਾਰ ਹੋ ਸਕਦਾ ਹੈ।"
ਲੋਬਿਊ ਛੋਟੇ ਪੱਧਰ ਤੋਂ ਸ਼ੁਰੂ ਕਰਨ ਦੀ ਸਲਾਹ ਦਿੰਦੇ ਹਨ। ਮਿਸਾਲ ਵਜੋਂ, ਜਿਸ ਚੀਜ਼ ਤੋਂ ਤੁਹਾਨੂੰ ਡਰ ਲੱਗਦਾ ਹੈ, ਪਹਿਲਾਂ ਉਸ ਦੀਆਂ ਤਸਵੀਰਾਂ ਦੇਖੋ ਅਤੇ ਉਸ ਬਾਰੇ ਸਕਾਰਾਤਮਕ ਤੱਥ ਜਾਣੋ। ਇਸ ਤੋਂ ਬਾਅਦ ਹੌਲੀ-ਹੌਲੀ ਅਸਲ ਚੀਜ਼ ਦੇ ਨੇੜੇ ਜਾਣ ਜਾਂ ਉਸ ਦਾ ਸਾਹਮਣਾ ਕਰਨ ਵੱਲ ਵਧੋ।
ਪਰ ਜੇ ਫੋਬੀਆ ਬਹੁਤ ਜ਼ਿਆਦਾ ਹੈ ਅਤੇ ਤੁਹਾਡੀ ਜ਼ਿੰਦਗੀ 'ਤੇ ਵੱਡਾ ਅਸਰ ਪਾ ਰਿਹਾ ਹੈ, ਤਾਂ ਪੇਸ਼ੇਵਰ ਮਦਦ ਲੈਣਾ ਬਿਹਤਰ ਹੋ ਸਕਦਾ ਹੈ।
ਜ਼ਸ਼ੀਡੋ ਦੀ ਖੋਜ ਵੀ ਇਸ ਵਿਚਾਰ ਦਾ ਸਮਰਥਨ ਕਰਦੀ ਹੈ ਕਿ ਕਿਸੇ ਚੀਜ਼ ਦਾ ਸਾਹਮਣਾ ਕਰਨਾ ਸਿਰਫ਼ ਸਾਡੇ ਅੰਦਰੋਂ ਪੁਰਾਣੇ ਡਰ ਨੂੰ ਦੂਰ ਕਰਨ ਵਿੱਚ ਹੀ ਮਦਦ ਨਹੀਂ ਕਰਦਾ, ਸਗੋਂ ਸ਼ੁਰੂ ਤੋਂ ਹੀ ਫੋਬੀਆ ਪੈਦਾ ਹੋਣ ਤੋਂ ਰੋਕਣ ਵਿੱਚ ਵੀ ਸਹਾਇਕ ਹੋ ਸਕਦਾ ਹੈ।
ਉਹ ਕਹਿੰਦੇ ਹਨ, "ਡਰ ਪੈਦਾ ਹੋਣ ਵਿੱਚ ਨਿੱਜੀ ਤਜਰਬਾ ਸਭ ਤੋਂ ਮਹੱਤਵਪੂਰਨ ਕਾਰਕ ਹੈ। ਜੇ ਤਜਰਬਾ ਸਕਾਰਾਤਮਕ ਹੋਵੇ, ਜਿਵੇਂ ਬਚਪਨ ਵਿੱਚ, ਪੜ੍ਹਾਈ ਦੌਰਾਨ ਜਾਂ ਕਿਸੇ ਹੋਰ ਤਰੀਕੇ ਨਾਲ, ਤਾਂ ਇਹ ਡਰ ਪੈਦਾ ਹੋਣ ਤੋਂ ਬਚਾਉਣ ਵਾਲੇ ਕਾਰਕ ਵਜੋਂ ਕੰਮ ਕਰਦਾ ਹੈ।"
ਲੋਬਿਊ ਜ਼ੋਰ ਦੇ ਕੇ ਕਹਿੰਦੇ ਹਨ ਕਿ ਡਰ ਸਾਡੀ ਰੱਖਿਆ ਕਰਦਾ ਹੈ ਅਤੇ ਇਹ ਆਪਣੇ ਆਪ ਵਿੱਚ ਇੱਕ ਚੰਗੀ ਚੀਜ਼ ਹੈ। ਨਾਲ ਹੀ, ਅਸੀਂ ਆਪਣੇ ਫੋਬੀਆ 'ਤੇ ਕਾਬੂ ਪਾ ਸਕਦੇ ਹਾਂ।
ਉਹ ਕਹਿੰਦੇ ਹਨ, "ਤੁਹਾਡੀ ਕਿਸਮਤ ਵਿੱਚ ਇਹ ਨਹੀਂ ਲਿਖਿਆ ਕਿ ਤੁਸੀਂ ਕਿਸੇ ਖ਼ਾਸ ਚੀਜ਼ ਤੋਂ ਡਰਦੇ ਹੀ ਰਹੋਗੇ। ਜੇ ਤੁਸੀਂ ਕਿਸੇ ਚੀਜ਼ ਤੋਂ ਡਰਦੇ ਹੋ ਅਤੇ ਨਹੀਂ ਚਾਹੁੰਦੇ ਕਿ ਡਰ ਬਣਿਆ ਰਹੇ, ਤਾਂ ਇਸ ਦਾ ਹੱਲ ਮੌਜੂਦ ਹੈ।"
ਨਿੱਜੀ ਤੌਰ 'ਤੇ, ਮੈਨੂੰ ਨਹੀਂ ਪਤਾ ਕਿ ਮੇਰਾ ਮੱਕੜੀਆਂ ਤੋਂ ਡਰ ਕਿਸੇ ਮਾਤਾ-ਪਿਤਾ ਤੋਂ ਸਿੱਖਿਆ ਗਿਆ ਸੀ, ਕਿਸੇ ਫ਼ਿਲਮ ਤੋਂ ਮਨ ਵਿੱਚ ਬੈਠ ਗਿਆ ਜਾਂ ਇਸ ਲਈ ਪੈਦਾ ਹੋਇਆ ਕਿਉਂਕਿ ਬਚਪਨ ਵਿੱਚ ਮੇਰਾ ਮੱਕੜੀਆਂ ਨਾਲ ਕਾਫ਼ੀ ਸਾਹਮਣਾ ਨਹੀਂ ਹੋਇਆ। ਸ਼ਾਇਦ ਇਨ੍ਹਾਂ ਸਾਰਿਆਂ ਦਾ ਮਿਲਿਆ-ਜੁਲਿਆ ਅਸਰ ਸੀ। ਪਰ ਸ਼ਾਇਦ ਇਸ ਲੇਖ ਨੂੰ ਲਿਖਣਾ ਹੀ ਮੇਰੇ ਇਸ ਡਰ 'ਤੇ ਕਾਬੂ ਪਾਉਣ ਵੱਲ ਪਹਿਲਾ ਕਦਮ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ