'ਮੇਰੀ ਵੱਖਰੀ ਦਿਖ ਹੀ ਮੇਰੀ ਪਛਾਣ ਹੈ ਅਤੇ ਮੈਂ ਇਸ ਨੂੰ ਸਵੀਕਾਰ ਕਰਨਾ ਸਿੱਖ ਰਹੀ ਹਾਂ', ਇਸ ਦੁਰਲੱਭ ਬਿਮਾਰੀ ਨਾਲ ਜਿਉਣਾ ਲੌਰਾ ਲਈ ਕਿੰਨਾਂ ਔਖਾ ਸੀ

    • ਲੇਖਕ, ਮਾਈਕ ਮੈਕਬ੍ਰਿਜ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਲੌਰਾ ਦਾ ਜਨਮ ਚਮੜੀ ਨਾਲ ਜੁੜੀ ਇੱਕ ਦੁਰਲੱਭ ਜੈਨੇਟਿਕ ਬਿਮਾਰੀ ਨਾਲ ਹੋਇਆ ਸੀ ਅਤੇ ਉਸ ਦੇ ਸਰੀਰ ਦੇ 98% ਹਿੱਸੇ 'ਤੇ ਜਨਮ ਤੋਂ ਹੀ ਨਿਸ਼ਾਨ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਕਈ ਸਾਲਾਂ ਤੱਕ ਖੁਦ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਹੁਣ ਉਹ ਆਪਣੀ ਦਿੱਖ ਨੂੰ ਸਵੀਕਾਰ ਕਰਨਾ ਸਿੱਖ ਰਹੀ ਹੈ।

28 ਸਾਲਾ ਲੌਰਾ ਕੈਲੀ ਦਾ ਜਨਮ ਕੌਨਜੈਨਿਟਲ ਮੈਲਾਨੋਸਾਈਟਿਕ ਨੇਵਸ (ਸੀਐੱਮਐੱਨ) ਨਾਮ ਦੀ ਬਿਮਾਰੀ ਨਾਲ ਹੋਇਆ ਸੀ। ਜਦੋਂ ਉਹ ਬੱਚੀ ਸੀ ਤਾਂ ਉਸ ਦੇ 14 ਆਪਰੇਸ਼ਨ ਕੀਤੇ ਗਏ। ਉਸ ਸਮੇਂ ਡਾਕਟਰਾਂ ਨੂੰ ਡਰ ਸੀ ਕਿ ਸ਼ਾਇਦ ਉਹ ਅੱਠ ਸਾਲ ਦੀ ਉਮਰ ਤੋਂ ਅੱਗੇ ਨਾ ਜਿਓ ਸਕੇ।

ਲੌਰਾ ਨੇ ਦੱਸਿਆ ਕਿ ਸੀਐੱਮਐੱਨ ਕਾਰਨ ਉਹ ਹਮੇਸ਼ਾ ਇਸ ਗੱਲ ਨੂੰ ਲੈ ਕੇ ਝਿਜਕ ਮਹਿਸੂਸ ਕਰਦੀ ਸੀ ਕਿ ਲੋਕ ਉਸ ਦੀ ਦਿੱਖ 'ਤੇ ਕਿਵੇਂ ਪ੍ਰਤੀਕਿਰਿਆ ਦੇਣਗੇ। ਕਿਸ਼ੋਰ ਉਮਰ ਵਿੱਚ ਵੱਡੀ ਹੁੰਦਿਆਂ ਉਹ ਅਕਸਰ ਭਾਰੀ ਮੇਕਅੱਪ ਕਰਦੀ ਅਤੇ ਅਜਿਹੇ ਕੱਪੜੇ ਚੁਣਦੀ ਸੀ, ਜਿਨ੍ਹਾਂ ਨਾਲ ਉਸ ਦੀ ਚਮੜੀ ਢੱਕੀ ਰਹੇ।

ਉਸ ਨੇ ਕਿਹਾ ਕਿ ਆਪਣੀ ਦਿੱਖ ਨੂੰ ਸਵੀਕਾਰ ਕਰਨ ਅਤੇ ਸੀਐੱਮਐੱਨ ਬਾਰੇ ਜਾਗਰੂਕਤਾ ਫੈਲਾਉਣ ਨਾਲ ਉਸ ਵਿੱਚ ਆਤਮ-ਵਿਸ਼ਵਾਸ ਵਧਿਆ ਹੈ। ਉਸ ਨੂੰ ਉਮੀਦ ਹੈ ਕਿ ਆਪਣੀ ਕਹਾਣੀ ਸਾਂਝੀ ਕਰਨ ਨਾਲ ਸਰੀਰ 'ਤੇ ਸਪੱਸ਼ਟ ਤੌਰ 'ਤੇ ਦਿਖਾਈ ਦੇਣ ਵਾਲੇ ਨਿਸ਼ਾਨਾਂ ਕਾਰਨ ਝਿਜਕ ਮਹਿਸੂਸ ਕਰਨ ਵਾਲੇ ਹੋਰ ਲੋਕਾਂ ਨੂੰ ਵੀ ਮਦਦ ਮਿਲੇਗੀ।

ਕੌਨਜੈਨਿਟਲ ਮੈਲਾਨੋਸਾਈਟਿਕ ਨੇਵਸ ਕੀ ਹੈ ?

ਕੌਨਜੈਨਿਟਲ ਮੈਲਾਨੋਸਾਈਟਿਕ ਨੇਵਸ (ਸੀਐੱਮਐੱਨ) ਇੱਕ ਕਿਸਮ ਦਾ ਬਰਥ ਮਾਰਕ ਜਾਂ ਤਿਲ ਹੈ, ਜੋ ਆਮ ਤੌਰ 'ਤੇ ਜਨਮ ਸਮੇਂ ਮੌਜੂਦ ਹੁੰਦਾ ਹੈ। ਇਹ ਚਮੜੀ ਵਿੱਚ ਰੰਗ ਪੈਦਾ ਕਰਨ ਵਾਲੇ ਸੈੱਲਾਂ ਦੀ ਗਿਣਤੀ ਵਧ ਜਾਣ ਕਾਰਨ ਹੁੰਦਾ ਹੈ। ਹਾਲਾਂਕਿ ਕੁਝ ਸੀਐੱਮਐੱਨ ਜਨਮ ਤੋਂ ਬਾਅਦ ਪਹਿਲੇ ਇੱਕ-ਦੋ ਸਾਲਾਂ ਦੌਰਾਨ ਵੀ ਨਜ਼ਰ ਆ ਸਕਦੇ ਹਨ।

ਸੀਐੱਮਐੱਨ ਉਸ ਸਮੇਂ ਇੱਕ ਸੈੱਲ ਵਿੱਚ ਹੋਣ ਵਾਲੇ ਜੈਨੇਟਿਕ ਬਦਲਾਅ ਕਾਰਨ ਹੁੰਦਾ ਹੈ, ਜਦੋਂ ਗਰਭ ਅਵਸਥਾ ਦੌਰਾਨ ਬੱਚਾ ਵਿਕਸਤ ਹੋ ਰਿਹਾ ਹੁੰਦਾ ਹੈ। ਇਹ ਮਾਪਿਆਂ ਤੋਂ ਵਿਰਾਸਤ ਵਿੱਚ ਨਹੀਂ ਮਿਲਦਾ ਅਤੇ ਕਿਸੇ ਵੀ ਵਿਅਕਤੀ ਨੂੰ ਹੋ ਸਕਦਾ ਹੈ।

ਛੋਟੇ ਸੀਐੱਮਐੱਨ ਮੁਕਾਬਲਤਨ ਆਮ ਹਨ ਅਤੇ ਲਗਭਗ ਹਰ 100 ਨਵਜੰਮੇ ਬੱਚਿਆਂ ਵਿੱਚੋਂ ਇੱਕ ਨੂੰ ਪ੍ਰਭਾਵਿਤ ਕਰਦੇ ਹਨ। ਸਰੀਰ ਦੇ ਵੱਡੇ ਹਿੱਸੇ 'ਤੇ ਫੈਲੇ ਸੀਐੱਮਐੱਨ ਬਹੁਤ ਦੁਰਲੱਭ ਹਨ ਅਤੇ ਲਗਭਗ ਹਰ 10,000 ਤੋਂ 20,000 ਨਵਜੰਮੇ ਬੱਚਿਆਂ ਵਿੱਚੋਂ ਇੱਕ ਵਿੱਚ ਦੇਖੇ ਜਾਂਦੇ ਹਨ। ਇੱਕ ਅੰਦਾਜ਼ੇ ਮੁਤਾਬਕ ਬ੍ਰਿਟੇਨ ਵਿੱਚ ਹਰ ਸਾਲ ਲਗਭਗ 7,000 ਬੱਚੇ ਸੀਐੱਮਐੱਨ ਦੇ ਕਿਸੇ ਨਾ ਕਿਸੇ ਰੂਪ ਨਾਲ ਜਨਮ ਲੈਂਦੇ ਹਨ।

ਵੱਡੇ ਜਾਂ ਇੱਕ ਤੋਂ ਵੱਧ ਸੀਐੱਮਐੱਨ ਵਾਲੇ ਲੋਕਾਂ ਦੇ ਜਨਮ ਤੋਂ ਬਾਅਦ, ਖ਼ਾਸ ਤੌਰ 'ਤੇ ਜੀਵਨ ਦੇ ਪਹਿਲੇ ਕੁਝ ਸਾਲਾਂ ਦੌਰਾਨ, ਹੋਰ ਜਨਮ-ਨਿਸ਼ਾਨ ਵੀ ਵਿਕਸਤ ਹੋ ਸਕਦੇ ਹਨ। ਇਹ ਨਿਸ਼ਾਨ ਕਿੰਨੀ ਗਿਣਤੀ ਵਿੱਚ ਦਿਖਾਈ ਦੇਣਗੇ, ਇਹ ਹਰ ਵਿਅਕਤੀ ਵਿੱਚ ਵੱਖਰਾ ਹੁੰਦਾ ਹੈ। ਇਨ੍ਹਾਂ ਦੇ ਵਿਕਸਤ ਹੋਣ ਦਾ ਤਰੀਕਾ ਡਾਕਟਰਾਂ ਨੂੰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਇਹ ਬਿਮਾਰੀ ਅੱਗੇ ਕਿਵੇਂ ਵੱਧ ਸਕਦੀ ਹੈ।

'ਹਰ ਕੋਈ ਮੈਨੂੰ ਨਿਸ਼ਾਨਾਂ ਵਾਲੀ ਛੋਟੀ ਕੁੜੀ ਵਜੋਂ ਜਾਣਦਾ ਸੀ'

ਸਭ ਤੋਂ ਪਹਿਲਾਂ ਡੇਰੀ ਨਾਓ ਵੱਲੋਂ ਰਿਪੋਰਟ ਕੀਤੀ ਗਈ ਇਸ ਕਹਾਣੀ ਵਿੱਚ ਲੌਰਾ ਨੇ ਦੱਸਿਆ ਕਿ 1998 ਵਿੱਚ ਜਦੋਂ ਉਹ ਇਸ ਬਿਮਾਰੀ ਨਾਲ ਪੈਦਾ ਹੋਈ ਤਾਂ ਡਾਕਟਰ ਹੈਰਾਨ ਰਹਿ ਗਏ ਸਨ।

ਲੌਰਾ ਨੇ ਬੀਬੀਸੀ ਨਿਊਜ਼ ਨੌਰਦਰਨ ਆਇਰਲੈਂਡ ਨੂੰ ਦੱਸਿਆ, "ਮੈਂ ਹਮੇਸ਼ਾ ਸੋਚਦੀ ਹਾਂ ਕਿ ਮੇਰੇ ਮਾਪਿਆਂ ਲਈ ਇਹ ਕਿੰਨਾ ਡਰਾਉਣਾ ਹੋਵੇਗਾ। ਮੇਰਾ ਖ਼ਿਆਲ ਹੈ ਕਿ ਉਸ ਸਮੇਂ ਸੀਐੱਮਐੱਨ ਬਾਰੇ ਬਹੁਤ ਘੱਟ ਜਾਂ ਸ਼ਾਇਦ ਬਿਲਕੁੱਲ ਵੀ ਜਾਗਰੂਕਤਾ ਨਹੀਂ ਸੀ।"

ਕਾਊਂਟੀ ਲੰਡਨਡੈਰੀ ਦੇ ਡ੍ਰੇਪਰਸਟਾਊਨ, ਜਿੱਥੇ ਬਹੁਤ ਛੋਟਾ ਭਾਈਚਾਰਾ ਵੱਸਦਾ, ਇਸ ਇਲਾਕੇ ਵਿੱਚ ਪਲੀ-ਵਧੀ ਲੌਰਾ ਨੇ ਕਿਹਾ ਕਿ ਉਹ ਖੁਸ਼ਕਿਸਮਤ ਸੀ ਕਿ ਉਸ ਦੇ ਸਾਥੀ ਬੱਚਿਆਂ ਅਤੇ ਅਧਿਆਪਕਾਂ ਨੇ ਉਸ ਨਾਲ ਬਿਲਕੁਲ ਕਿਸੇ ਆਮ ਸਧਾਰਨ ਬੱਚੇ ਵਾਂਗ ਹੀ ਵਿਵਹਾਰ ਕੀਤਾ।

ਲੌਰਾ ਨੇ ਕਿਹਾ, "ਹਰ ਕੋਈ ਮੈਨੂੰ ਨਿਸ਼ਾਨਾਂ ਵਾਲੀ ਛੋਟੀ ਕੁੜੀ ਵਜੋਂ ਜਾਣਦਾ ਸੀ।"

"ਜਿਨ੍ਹਾਂ ਬੱਚਿਆਂ ਨਾਲ ਮੈਂ ਪਲੇਅਸਕੂਲ ਵਿੱਚ ਜਾਂਦੀ ਸੀ, ਉਨ੍ਹਾਂ ਤੋਂ ਲੈ ਕੇ ਸਕੂਲ ਦੀ 12ਵੀਂ ਜਮਾਤ ਤੱਕ, ਮੇਰੇ ਪੂਰੇ ਸਕੂਲੀ ਸਮੇਂ ਦੌਰਾਨ ਕਦੇ ਵੀ ਕਿਸੇ ਨੇ ਮੇਰੇ ਕੋਲ ਆ ਕੇ ਇਹ ਨਹੀਂ ਕਿਹਾ ਕਿ ਮੇਰੇ ਚਿਹਰੇ ਜਾਂ ਸਰੀਰ 'ਤੇ ਬਰਥ ਮਾਰਕ ਹਨ।"

ਲੌਰਾ ਨੇ ਦੱਸਿਆ ਕਿ ਕਿਸ਼ੋਰ ਉਮਰ ਵਿੱਚ ਹੀ ਉਨ੍ਹਾਂ ਦਾ ਆਪਣੀ ਦਿੱਖ ਨਾਲ ਰਿਸ਼ਤਾ ਬਦਲਣਾ ਸ਼ੁਰੂ ਹੋਇਆ ਸੀ।

"ਮੈਂ ਵੱਡੀ ਹੁੰਦਿਆਂ ਕਦੇ ਇਹ ਨਹੀਂ ਸੋਚਿਆ ਕਿ ਮੈਂ ਕਿਸੇ ਹੋਰ ਨਾਲੋਂ ਵੱਖਰੀ ਹਾਂ। ਪਰ ਜਦੋਂ ਮੈਂ ਕਿਸ਼ੋਰ ਉਮਰ ਵਿੱਚ ਪਹੁੰਚੀ ਤਾਂ ਇਸ ਦਾ ਮੇਰੇ 'ਤੇ ਬਹੁਤ ਡੂੰਘਾ ਅਸਰ ਪਿਆ।"

ਲੌਰਾ ਨੇ ਦੱਸਿਆ ਕਿ ਉਹ ਆਪਣੀ ਦਿੱਖ ਨੂੰ ਲੈ ਕੇ ਹੌਲੀ-ਹੌਲੀ ਵਧੇਰੇ ਝਿਜਕ ਮਹਿਸੂਸ ਕਰਨ ਲੱਗੀ ਅਤੇ ਆਪਣੇ ਬਰਥ ਮਾਰਕ ਲੁਕਾਉਣ ਲਈ ਮੇਕਅੱਪ ਦੀ ਵਰਤੋਂ ਕਰਨ ਲੱਗੀ ਅਤੇ ਅਖੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਮੇਕਅੱਪ ਕਰਨ ਲੱਗੀ।

ਲੌਰਾ ਨੇ ਕਿਹਾ, "ਮੈਂ ਮੇਕਅੱਪ ਤੋਂ ਬਿਨਾਂ ਘਰੋਂ ਬਾਹਰ ਨਹੀਂ ਨਿਕਲਦੀ ਸੀ।"

ਲੌਰਾ ਨੇ ਦੱਸਿਆ ਕਿ ਉਹ ਆਪਣੇ ਕੱਪੜੇ ਵੀ ਬਹੁਤ ਸੋਚ-ਸਮਝ ਕੇ ਚੁਣਨ ਲੱਗੀ, ਤਾਂ ਜੋ ਉਸ ਦੀ ਚਮੜੀ ਦਾ ਵੱਧ ਤੋਂ ਵੱਧ ਹਿੱਸਾ ਢੱਕਿਆ ਰਹੇ।

"ਜਦੋਂ ਵੀ ਮੈਂ ਕਿਸੇ ਨੂੰ ਮਿਲਦੀ ਹਾਂ… ਮੈਨੂੰ ਹਮੇਸ਼ਾ ਲੱਗਦਾ ਹੈ ਕਿ ਮੈਨੂੰ ਉਸ ਨੂੰ ਆਪਣੇ ਬਾਰੇ ਦੱਸਣਾ ਹੀ ਪਵੇਗਾ। ਇਹ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਜੋ ਮੈਂ ਦੱਸਦੀ ਹਾਂ: 'ਓਹ, ਮੇਰਾ ਜਨਮ ਬਰਥ ਮਾਰਕ ਨਾਲ ਹੋਇਆ ਸੀ।' ਮੈਨੂੰ ਪਤਾ ਹੈ ਕਿ ਮੈਨੂੰ ਅਜਿਹਾ ਕਰਨ ਦੀ ਲੋੜ ਨਹੀਂ ਪਰ ਮੈਨੂੰ ਅੰਦਰੋਂ ਲੱਗਦਾ ਹੈ ਕਿ ਮੈਨੂੰ ਇਹ ਦੱਸਣਾ ਹੀ ਪਵੇਗਾ।"

'ਸ਼ੌਰਟਸ ਪਹਿਨ ਕੇ ਬਾਹਰ ਜਾਣਾ ਮੇਰੇ ਲਈ ਮਾਣ ਵਾਲਾ ਪਲ ਸੀ'

ਦੂਜਿਆਂ ਨੂੰ ਭਾਵੇਂ ਲੌਰਾ ਕਈ ਵਾਰ ਆਤਮ-ਵਿਸ਼ਵਾਸ ਨਾਲ ਭਰੀ ਨਜ਼ਰ ਆਉਂਦੀ ਹੈ, ਪਰ ਉਹ ਕਹਿੰਦੀ ਹੈ ਕਿ ਘਰ ਦੇ ਅੰਦਰ ਉਹ ਇਸ ਦੇ ਬਿਲਕੁਲ ਉਲਟ ਮਹਿਸੂਸ ਕਰ ਸਕਦੀ ਹੈ ਅਤੇ ਕਈ ਵਾਰ ਉਸ ਨੂੰ ਜਨਤਕ ਥਾਵਾਂ 'ਤੇ ਜਾਣ ਲਈ ਆਪਣੇ ਆਪ ਨੂੰ ਹੌਸਲਾ ਦੇਣਾ ਪੈਂਦਾ ਹੈ।

ਪਰ "ਕੇਅਰਿੰਗ ਮੈਟਰਸ ਨਾਓ" ਨਾਂਅ ਦੀ ਚੈਰਿਟੀ ਰਾਹੀਂ ਸੀਐੱਮਐੱਨ ਵਾਲੇ ਹੋਰ ਲੋਕਾਂ ਨਾਲ ਮੁਲਾਕਾਤ ਨੇ ਉਸ ਦੀ ਸੋਚ ਬਦਲਣ ਵਿੱਚ ਮਦਦ ਕੀਤੀ।

"ਮੈਂ ਹਾਲ ਹੀ ਤੱਕ ਕਦੇ ਵੀ ਆਪਣੇ ਵਰਗੇ ਦਿੱਖਣ ਵਾਲੇ ਕਿਸੇ ਵਿਅਕਤੀ ਨੂੰ ਨਹੀਂ ਮਿਲੀ ਸੀ। ਇਸ ਲਈ ਮੇਰੇ ਮਨ ਵਿੱਚ ਇੰਨੇ ਸਾਲਾਂ ਤੱਕ ਇਹੀ ਸੀ ਕਿ ਦੁਨੀਆ ਵਿੱਚ ਸਿਰਫ਼ ਮੈਂ ਹੀ ਅਜਿਹੀ ਦਿਖਦੀ ਹਾਂ।"

ਲੌਰਾ ਦੱਸਦੀ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਉਸ ਦੇ ਪਰਿਵਾਰ ਅਤੇ ਦੋਸਤਾਂ ਨੇ ਉਸ ਦੇ ਆਤਮ-ਵਿਸ਼ਵਾਸ ਵਿੱਚ ਵੱਡਾ ਬਦਲਾਅ ਮਹਿਸੂਸ ਕੀਤਾ ਹੈ।

ਹੁਣ ਉਹ ਜਨਤਕ ਥਾਂਵਾਂ 'ਤੇ ਇਸ ਗੱਲ ਨੂੰ ਲੈ ਕੇ ਝਿਜਕ ਮਹਿਸੂਸ ਨਹੀਂ ਕਰਦੀ ਕਿ ਉਸ ਦੇ ਬਰਥ ਮਾਰਕ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਗਰਮੀ ਦੇ ਦਿਨਾਂ ਦੌਰਾਨ ਉਸ ਨੇ ਪਹਿਲੀ ਵਾਰ ਘਰ ਤੋਂ ਬਾਹਰ ਸ਼ੌਰਟਸ ਪਾਈਆਂ।

ਲੌਰਾ ਕਹਿੰਦੀ ਹੈ ਕਿ ਸ਼ੌਰਟਸ ਵਰਗੀ ਸਧਾਰਨ ਚੀਜ਼ ਪਹਿਨਣਾ ਵੀ ਉਸ ਵਿਅਕਤੀ ਲਈ ਬਹੁਤ ਵੱਡੀ ਉਪਲਬਧੀ ਹੈ, ਜਿਸ ਨੇ ਪਹਿਲਾਂ ਆਪਣੀ ਦਿੱਖ ਲੁਕਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੋਵੇ। ਹੁਣ ਉਹ ਹੌਲੀ-ਹੌਲੀ ਆਪਣੀ ਦਿੱਖ ਨੂੰ ਸਵੀਕਾਰ ਕਰਨਾ ਸਿੱਖ ਰਹੀ ਹੈ।

"ਮੈਂ ਹੁਣ ਆਪਣੇ ਆਪ ਨੂੰ ਥੋੜ੍ਹਾ ਹੋਰ ਖੁੱਲ੍ਹ ਕੇ ਦਿਖਾਉਣਾ ਅਤੇ ਆਪਣੇ ਆਪ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।"

"ਵੱਖਰਾ ਹੋਣਾ ਵਿਲੱਖਣ ਹੈ ਅਤੇ ਵਿਲੱਖਣ ਹੋਣਾ ਸੰਪੂਰਨ ਹੋਣ ਨਾਲੋਂ ਬਿਹਤਰ ਹੈ।"

ਲੌਰਾ ਕਹਿੰਦੀ ਹੈ ਕਿ ਉਹ ਹਰ ਦਿਨ ਨੂੰ ਉਸੇ ਤਰ੍ਹਾਂ ਲੈ ਰਹੀ ਹੈ ਅਤੇ ਉਸ ਨੇ ਆਪਣੇ ਲਈ ਟੀਚਾ ਰੱਖਿਆ ਹੈ ਕਿ ਇੱਕ ਦਿਨ ਉਹ ਬਿਨਾਂ ਕਿਸੇ ਮੇਕਅੱਪ ਦੇ ਘਰੋਂ ਬਾਹਰ ਨਿਕਲੇਗੀ।

ਕਈ ਸਾਲਾਂ ਤੱਕ ਆਪਣੀ ਚਮੜੀ ਨੂੰ ਲੁਕਾਉਣ ਤੋਂ ਬਾਅਦ ਉਹ ਕਹਿੰਦੀ ਹੈ ਕਿ ਉਸ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਹ ਕਿੰਨੀ ਦੂਰ ਆ ਚੁੱਕੀ ਹੈ। ਉਹ ਉਮੀਦ ਕਰਦੀ ਹੈ ਕਿ ਸਰੀਰ 'ਤੇ ਦਿਖਾਈ ਦੇਣ ਵਾਲੇ ਵੱਖਰੇਪਣ ਵਾਲੇ ਹੋਰ ਲੋਕ ਵੀ ਆਪਣੀ ਦਿੱਖ ਨੂੰ ਸਵੀਕਾਰ ਕਰਨਾ ਸਿੱਖਣਗੇ।

"ਆਤਮ-ਵਿਸ਼ਵਾਸ ਇੱਕ ਰਾਤ ਵਿੱਚ ਨਹੀਂ ਆ ਜਾਂਦਾ, ਬਿਲਕੁਲ ਵੀ ਨਹੀਂ। ਇਸ ਵਿੱਚ ਸਮਾਂ ਲੱਗਦਾ ਹੈ ਅਤੇ ਇਹ ਠੀਕ ਹੈ ਜੇ ਤੁਸੀਂ ਆਪਣੀ ਦਿੱਖ ਨੂੰ ਲੈ ਕੇ ਝਿਜਕ ਮਹਿਸੂਸ ਕਰਦੇ ਹੋ। ਇਹ ਵੀ ਠੀਕ ਹੈ ਜੇ ਤੁਸੀਂ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖਰਾ ਮਹਿਸੂਸ ਕਰਦੇ ਹੋ।"

"ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ 13 ਸਾਲ ਦੀ ਉਮਰ ਤੋਂ ਬਾਅਦ ਕਦੇ ਸ਼ੌਰਟਸ ਪਹਿਨ ਕੇ ਘਰੋਂ ਬਾਹਰ ਨਿਕਲਾਂਗੀ। ਪਰ ਹੁਣ ਮੈਂ ਅਜਿਹਾ ਕਰਦੀ ਹਾਂ। ਅਤੇ ਮੈਨੂੰ ਆਪਣੇ ਆਪ 'ਤੇ ਮਾਣ ਹੈ, ਇਹ ਮੈਨੂੰ ਕਹਿਣਾ ਹੀ ਪਵੇਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)