ਦਿੱਲੀ ਵਿੱਚ ਸਵਾਈਨ ਫਲੂ ਦੇ ਮਾਮਲੇ ਵੱਧ ਰਹੇ ਹਨ, ਜਾਣੋ ਇਹ ਕਿਉਂ ਹੁੰਦਾ ਅਤੇ ਬਚਾਅ ਦੇ ਕੀ ਉਪਾਅ ਹਨ

    • ਲੇਖਕ, ਉਪਾਸਨਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਬਦਲਦੇ ਮੌਸਮ ਅਤੇ ਵਧਦੀ ਨਮੀ ਦੌਰਾਨ ਜ਼ੁਕਾਮ ਹੋਣਾ ਆਮ ਗੱਲ ਹੈ। ਪਰ ਇਸੇ ਤਰ੍ਹਾਂ ਦੇ ਕੁਝ ਲੱਛਣ ਐੱਚਵਨਐੱਨਵਨ (H1N1) ਵਾਇਰਸ ਦੇ ਵੀ ਹੋ ਸਕਦੇ ਹਨ, ਜਿਸ ਨੂੰ ਆਮ ਤੌਰ 'ਤੇ ਸਵਾਈਨ ਫਲੂ ਵੀ ਕਿਹਾ ਜਾਂਦਾ ਹੈ।

ਇਸ ਸਮੇਂ ਦਿੱਲੀ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਸਵਾਈਨ ਫਲੂ ਦੇ ਮਾਮਲੇ ਵੱਧ ਰਹੇ ਹਨ।

ਇਕੱਲੇ ਦਿੱਲੀ-ਐਨਸੀਆਰ ਵਿੱਚ ਇਸ ਸਾਲ ਹੁਣ ਤੱਕ H1N1 ਦੇ 1,700 ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਅਜਿਹੇ ਵਿੱਚ ਸਵਾਈਨ ਫਲੂ ਦੇ ਵੱਧਦੇ ਮਾਮਲਿਆਂ ਦਰਮਿਆਨ ਜਾਗਰੂਕ ਰਹਿਣਾ ਜ਼ਰੂਰੀ ਹੈ, ਕਿਉਂਕਿ ਡਾਕਟਰਾਂ ਮੁਤਾਬਕ ਆਮ ਫਲੂ ਵਰਗੇ ਦਿਖਾਈ ਦੇਣ ਵਾਲੇ ਇਹ ਲੱਛਣ ਕਿਸੇ ਵੀ ਸਮੇਂ ਗੰਭੀਰ ਰੂਪ ਧਾਰ ਸਕਦੇ ਹਨ।

ਫੋਰਟਿਸ ਗੁਰੂਗ੍ਰਾਮ ਵਿੱਚ ਇੰਟਰਨਲ ਮੈਡੀਸਨ ਦੇ ਪ੍ਰਿੰਸੀਪਲ ਡਾਇਰੈਕਟਰ ਅਤੇ ਯੂਨਿਟ ਹੈੱਡ ਡਾ. ਸਤੀਸ਼ ਕੌਲ ਨੇ ਦੱਸਿਆ ਕਿ H1N1, ਇਨਫਲੂਐਂਜ਼ਾ ਏ ਵਾਇਰਸ ਦਾ ਇੱਕ ਸਬ-ਟਾਈਪ ਹੈ। ਇਸ ਨੂੰ ਆਮ ਭਾਸ਼ਾ ਵਿੱਚ ਸਵਾਈਨ ਫਲੂ ਵੀ ਕਿਹਾ ਜਾਂਦਾ ਹੈ। ਇਨਫਲੂਐਂਜ਼ਾ ਵਾਇਰਸ ਦੀਆਂ ਹੋਰ ਵੀ ਕਿਸਮਾਂ ਹਨ ਜਿਵੇਂ H3N2 ਅਤੇ H9N1।

ਸਰੀਰ 'ਤੇ ਇਹ ਇਨਫਲੂਐਂਜ਼ਾ ਕੀ ਅਸਰ ਪਾ ਸਕਦਾ ਹੈ?

H1N1 ਵਾਇਰਸ ਸਾਡੇ ਸਰੀਰ ਦੇ ਅੰਦਰ ਜਾ ਕੇ ਸਾਹ ਪ੍ਰਣਾਲੀ ਜਿਵੇਂ ਨੱਕ, ਗਲੇ ਅਤੇ ਛਾਤੀ 'ਤੇ ਅਸਰ ਪਾਉਂਦਾ ਹੈ। ਇਸ ਕਾਰਨ ਨਿਮੋਨੀਆ ਵੀ ਹੋ ਸਕਦਾ ਹੈ।

ਜ਼ਿਆਦਾ ਫੈਲਣ ਨਾਲ ਇਹ ਪੂਰੇ ਫੇਫੜਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦਾ ਹੈ ਅਤੇ ਸਾਹ ਪ੍ਰਣਾਲੀ ਫੇਲ੍ਹ ਹੋਣ ਵਰਗੀ ਸਥਿਤੀ ਵੀ ਪੈਦਾ ਹੋ ਸਕਦੀ ਹੈ।

ਸਵਾਈਨ ਫਲੂ ਕਿਵੇਂ ਫੈਲਦਾ ਹੈ ?

ਡਾ. ਸਤੀਸ਼ ਨੇ ਦੱਸਿਆ, "H1N1 ਵਾਇਰਸ ਮੁੱਖ ਤੌਰ 'ਤੇ ਡ੍ਰੌਪਲੈਟ ਇਨਫੈਕਸ਼ਨ ਰਾਹੀਂ ਫੈਲਦਾ ਹੈ।"

"ਖੰਘਣ ਜਾਂ ਛਿੱਕਣ ਸਮੇਂ ਜੋ ਡ੍ਰੌਪਲੈਟਸ (ਬੂੰਦਾਂ) ਹਵਾ ਵਿੱਚ ਫੈਲ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਤੋਂ ਇਹ ਵਾਇਰਸ ਫੈਲਦਾ ਹੈ।"

ਉਹ ਕਹਿੰਦੇ ਹਨ, "ਤੁਸੀਂ ਦਫ਼ਤਰ ਵਿੱਚ ਬੈਠੇ ਹੋ ਅਤੇ ਕਿਸੇ ਵਿਅਕਤੀ ਨੂੰ ਛਿੱਕ ਜਾਂ ਖੰਘ ਆਉਂਦੀ ਹੈ ਤਾਂ ਵਾਇਰਸ ਉਸ ਦੇ ਹੱਥਾਂ 'ਤੇ ਆ ਜਾਂਦਾ ਹੈ। ਫਿਰ ਜਦੋਂ ਇਹ ਵਿਅਕਤੀ ਮੇਜ਼, ਦਰਵਾਜ਼ੇ ਦਾ ਹੈਂਡਲ ਜਾਂ ਕੋਈ ਵੀ ਚੀਜ਼ ਛੂਹੰਦਾ ਹੈ ਤਾਂ ਵਾਇਰਸ ਉੱਥੇ ਵੀ ਆ ਜਾਂਦਾ ਹੈ। ਬਾਅਦ ਵਿੱਚ ਜਦੋਂ ਕੋਈ ਹੋਰ ਵਿਅਕਤੀ ਉਸ ਚੀਜ਼ ਨੂੰ ਛੂਹੰਦਾ ਹੈ ਤਾਂ ਉਹ ਵੀ ਸੰਕ੍ਰਮਿਤ ਹੋ ਸਕਦਾ ਹੈ।"

ਉਨ੍ਹਾਂ ਮੁਤਾਬਕ ਇਸ ਵਾਇਰਸ ਨਾਲ ਸੰਕ੍ਰਮਿਤ ਹੋਣ 'ਤੇ ਸਰਦੀ, ਖੰਘ, ਜ਼ੁਕਾਮ, ਬੁਖਾਰ, ਸਰੀਰ ਟੁੱਟਣ ਜਿਹੇ ਲੱਛਣ ਦਿਖਾਈ ਦਿੰਦੇ ਹਨ।

ਆਮ ਤੌਰ 'ਤੇ 85 ਫ਼ੀਸਦੀ ਮਰੀਜ਼ਾਂ ਵਿੱਚ ਇਹੀ ਲੱਛਣ ਦਿਖਾਈ ਦਿੰਦੇ ਹਨ, ਜੋ ਤਿੰਨ ਤੋਂ ਪੰਜ ਦਿਨਾਂ ਵਿੱਚ ਆਪਣੇ ਆਪ ਠੀਕ ਵੀ ਹੋ ਜਾਂਦੇ ਹਨ।

ਹਾਲਾਂਕਿ, ਖੰਘ, ਕਮਜ਼ੋਰੀ ਅਤੇ ਥਕਾਵਟ ਇੱਕ-ਦੋ ਹਫ਼ਤਿਆਂ ਜਾਂ ਕਈ ਵਾਰ ਇਸ ਤੋਂ ਵੀ ਵੱਧ ਸਮੇਂ ਤੱਕ ਰਹਿ ਸਕਦੀ ਹੈ।

ਪ੍ਰਦੂਸ਼ਣ ਅਤੇ ਹਵਾ ਦੀ ਖ਼ਰਾਬ ਗੁਣਵੱਤਾ ਕਾਰਨ ਇਸ ਮੌਸਮ ਵਿੱਚ ਖੰਘ ਅਤੇ ਸਾਹ ਨਾਲ ਜੁੜੇ ਲੱਛਣ ਲੰਬੇ ਸਮੇਂ ਤੱਕ ਮਹਿਸੂਸ ਹੋ ਸਕਦੇ ਹਨ। ਪਰ ਇਹ ਠੀਕ ਹੋ ਜਾਂਦੇ ਹਨ।

ਡਾ. ਸਤੀਸ਼ ਮੁਤਾਬਕ ਬਾਕੀ 15 ਫ਼ੀਸਦੀ ਲੋਕਾਂ ਵਿੱਚ ਇਹ ਇਨਫੈਕਸ਼ਨ ਗੰਭੀਰ ਰੂਪ ਲੈ ਸਕਦਾ ਹੈ।

ਉਨ੍ਹਾਂ ਮੁਤਾਬਕ, "ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਇਨਫੈਕਸ਼ਨ ਕਾਰਨ ਤੁਹਾਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ, ਖੰਘ ਦੇ ਨਾਲ ਬਲਗਮ ਵਿੱਚ ਖੂਨ ਆ ਰਿਹਾ ਹੈ, ਹੱਥ-ਪੈਰ ਨੀਲੇ ਪੈ ਰਹੇ ਹਨ, ਸਾਹ ਲੈਣ ਦੀ ਗਤੀ ਤੇਜ਼ ਹੋ ਰਹੀ ਹੈ ਤਾਂ ਤੁਹਾਨੂੰ ਤੁਰੰਤ ਹਸਪਤਾਲ ਜਾ ਕੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਇਹ ਸੰਕੇਤ ਹੋ ਸਕਦੇ ਹਨ ਕਿ ਇਨਫਲੂਐਂਜ਼ਾ ਗੰਭੀਰ ਰੂਪ ਧਾਰ ਚੁੱਕਾ ਹੈ।"

ਉਨ੍ਹਾਂ ਮੁਤਾਬਕ, ਇਨ੍ਹਾਂ ਗੰਭੀਰ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਇਨਫਲੂਐਂਜ਼ਾ ਤੁਹਾਨੂੰ ਆਈਸੀਯੂ ਵੀ ਪਹੁੰਚਾ ਸਕਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਜਾਨਲੇਵਾ ਵੀ ਹੋ ਸਕਦਾ ਹੈ।

ਕਿਹੜੇ ਲੋਕ ਹਾਈ ਰਿਸਕ 'ਤੇ ਹਨ?

ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਲੇਖ ਮੁਤਾਬਕ, ਇਸ ਵਾਇਰਸ ਤੋਂ ਸਭ ਤੋਂ ਵੱਧ ਖ਼ਤਰਾ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ...

  • ਜਿਨ੍ਹਾਂ ਦੀ ਉਮਰ 65 ਸਾਲ ਤੋਂ ਵੱਧ ਹੈ।
  • ਜਿਨ੍ਹਾਂ ਨੂੰ ਕੋਮੋਰਬਿਡਿਟੀ ਹੈ, ਯਾਨੀ ਜਿਹੜੇ ਲੋਕ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ, ਦਿਲ ਦੀ ਬਿਮਾਰੀ ਹੈ, ਅਸਥਮਾ ਹੈ ਜਾਂ ਜਿਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ (ਇਮਿਊਨਿਟੀ) ਘੱਟ ਹੈ।
  • ਇਸ ਤੋਂ ਇਲਾਵਾ, ਮੋਟਾਪੇ ਤੋਂ ਪੀੜਤ ਲੋਕਾਂ, ਗਰਭਵਤੀ ਔਰਤਾਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਇਹ ਵਾਇਰਸ ਗੰਭੀਰ ਰੂਪ ਨਾਲ ਪ੍ਰਭਾਵਿਤ ਕਰ ਸਕਦਾ ਹੈ।

ਕਿਵੇਂ ਪਤਾ ਕਰੀਏ ਕਿ ਸਵਾਈਨ ਫਲੂ ਹੋਇਆ ਹੈ ਜਾਂ ਨਹੀਂ ?

ਸਵਾਈਨ ਫਲੂ ਦੇ ਲੱਛਣ ਦਿਖਣ ਵਿੱਚ ਮੌਸਮੀ ਫਲੂ ਵਰਗੇ ਹੀ ਲੱਗਦੇ ਹਨ। ਇਸ ਲਈ ਕਈ ਵਾਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਸਵਾਈਨ ਫਲੂ ਹੋਇਆ ਹੈ ਪਰ ਦੋਹਾਂ ਵਿੱਚ ਫ਼ਰਕ ਹੈ।

ਡਾ. ਸਤੀਸ਼ ਮੁਤਾਬਕ, ਜੇਕਰ ਕਿਸੇ ਨੂੰ ਤੇਜ਼ ਬੁਖਾਰ ਦੇ ਨਾਲ ਸਰਦੀ, ਖੰਘ, ਜ਼ੁਕਾਮ ਅਤੇ ਸਰੀਰ ਵਿੱਚ ਦਰਦ ਹੈ, ਬੁਖਾਰ ਘੱਟ ਨਹੀਂ ਹੋ ਰਿਹਾ ਜਾਂ ਡਾਇਰੀਆ ਹੋ ਰਿਹਾ ਹੈ ਤਾਂ ਸੰਭਵ ਹੈ ਕਿ ਇਹ H1N1 ਹੋਵੇ।

ਇਸ ਦਾ ਪਤਾ ਲਗਾਉਣ ਲਈ ਪੀਸੀਆਰ ਬੇਸਡ ਟੈਸਟ ਹੁੰਦਾ ਹੈ, ਜੋ ਬਹੁਤ ਆਸਾਨੀ ਨਾਲ ਕਰਵਾਇਆ ਜਾ ਸਕਦਾ ਹੈ।

ਇਸ ਟੈਸਟ ਵਿੱਚ ਗਲੇ ਜਾਂ ਨੱਕ ਤੋਂ ਸਵੈਬ ਲਿਆ ਜਾਂਦਾ ਹੈ ਅਤੇ 24 ਘੰਟਿਆਂ ਦੇ ਅੰਦਰ ਰਿਪੋਰਟ ਆ ਜਾਂਦੀ ਹੈ।

ਟੈਸਟ ਪੌਜ਼ੀਟਿਵ ਆਉਣ 'ਤੇ ਕੀ ਕਰਨਾ ਚਾਹੀਦਾ ਹੈ?

ਜੇਕਰ ਰਿਪੋਰਟ ਪੌਜ਼ੀਟਿਵ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਮਰੀਜ਼ ਨੂੰ ਆਪਣੇ ਆਪ ਨੂੰ ਆਈਸੋਲੇਟ ਕਰ ਲੈਣਾ ਚਾਹੀਦਾ ਹੈ ਤਾਂ ਜੋ ਇਨਫੈਕਸ਼ਨ ਹੋਰ ਲੋਕਾਂ ਤੱਕ ਨਾ ਫੈਲੇ।

ਇਸ ਤੋਂ ਬਾਅਦ ਮਰੀਜ਼ ਨੂੰ ਲੱਛਣਾਂ ਮੁਤਾਬਕ ਇਲਾਜ ਜਿਵੇਂ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦੇਣਾ, ਬੁਖਾਰ ਘਟਾਉਣ ਲਈ ਦਵਾਈ ਅਤੇ ਖੰਘ ਜਾਂ ਜ਼ੁਕਾਮ ਹੋਣ 'ਤੇ ਨੇਬੁਲਾਈਜ਼ੇਸ਼ਨ ਵਰਗੇ ਉਪਾਅ ਕਰਨੇ ਚਾਹੀਦੇ ਹਨ।

ਜੇਕਰ ਮਰੀਜ਼ ਹਾਈ ਰਿਸਕ ਕੈਟੇਗਰੀ ਵਿੱਚ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਐਂਟੀ-ਫਲੂ ਦਵਾਈ ਸ਼ੁਰੂ ਕਰਨੀ ਚਾਹੀਦੀ ਹੈ।

ਫਲੂ ਹੋਣ 'ਤੇ ਸਾਫ-ਸਫਾਈ ਦਾ ਧਿਆਨ ਰੱਖੋ

ਜੇਕਰ ਇਨਫੈਕਸ਼ਨ ਦੇ ਲੱਛਣਾਂ ਵਾਲੇ ਲੋਕਾਂ ਨੂੰ ਕਿਸੇ ਕਾਰਨ ਘਰ ਤੋਂ ਬਾਹਰ ਜਾਣਾ ਪੈ ਰਿਹਾ ਹੈ ਤਾਂ ਉਨ੍ਹਾਂ ਨੂੰ ਫਲੂ ਹਾਈਜੀਨ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਇਨਫੈਕਸ਼ਨ ਦੂਜੇ ਲੋਕਾਂ ਤੱਕ ਨਾ ਫੈਲੇ। ਜਿਵੇਂ-

  • ਖੰਘ, ਸਰਦੀ ਜਾਂ ਜ਼ੁਕਾਮ ਹੈ ਤਾਂ ਰੁਮਾਲ ਦਾ ਇਸਤੇਮਾਲ ਕਰੋ
  • ਛਿੱਕ ਆਉਣ ਸਮੇਂ ਨੱਕ ਦੇ ਉੱਪਰ ਹੱਥ ਰੱਖੋ ਤਾਂ ਜੋ ਡ੍ਰੌਪਲੈਟਸ (ਬੂੰਦਾਂ) ਨਾ ਫੈਲਣ।
  • ਆਪਣੇ ਹੱਥ ਨਿਯਮਿਤ ਤੌਰ 'ਤੇ ਧੋਵੋ।
  • ਮਾਸਕ ਪਹਿਨੋ ਤਾਂ ਜੋ ਇਨਫੈਕਸ਼ਨ ਦੂਜੇ ਲੋਕਾਂ ਤੱਕ ਨਾ ਫੈਲੇ।

ਇਨਫੈਕਸ਼ਨ ਤੋਂ ਬਚਾਅ ਦੇ ਉਪਾਅ

ਫਲੂ ਤੋਂ ਬਚਾਅ ਦਾ ਸਭ ਤੋਂ ਕਾਰਗਰ ਤਰੀਕਾ ਹੈ ਸਾਲਾਨਾ ਇਨਫਲੂਐਂਜ਼ਾ ਵੈਕਸੀਨ ਲਗਵਾਉਣਾ।

ਡਾ. ਸਤੀਸ਼ ਦੱਸਦੇ ਹਨ ਕਿ 65 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਇਹ ਵੈਕਸੀਨ ਜ਼ਰੂਰ ਲੈਣੀ ਚਾਹੀਦੀ ਹੈ।

ਵੈਕਸੀਨੇਸ਼ਨ ਨਾਲ ਸਵਾਈਨ ਫਲੂ ਹੋਣ ਦੀ ਸੰਭਾਵਨਾ 40–50 ਫ਼ੀਸਦੀ ਤੱਕ ਘੱਟ ਹੋ ਜਾਂਦੀ ਹੈ ਅਤੇ ਜੇਕਰ ਇਨਫੈਕਸ਼ਨ ਹੋ ਵੀ ਜਾਵੇ ਤਾਂ ਇਸ ਦੀ ਗੰਭੀਰਤਾ ਘੱਟ ਰਹਿੰਦੀ ਹੈ।

ਹਰ ਵਾਰ ਮੌਸਮ ਬਦਲਣ 'ਤੇ ਸਤੰਬਰ-ਅਕਤੂਬਰ ਦੇ ਮਹੀਨਿਆਂ ਵਿੱਚ, ਸਾਨੂੰ ਇਸ ਵੈਕਸੀਨ ਬਾਰੇ ਆਪਣੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।

ਜੇਕਰ ਕਿਸੇ ਵਿਅਕਤੀ ਨੂੰ ਕੰਮ ਦੇ ਸਿਲਸਿਲੇ ਵਿੱਚ ਬਹੁਤ ਜ਼ਿਆਦਾ ਯਾਤਰਾ ਕਰਨੀ ਪੈਂਦੀ ਹੈ ਤਾਂ ਉਸ ਨੂੰ ਵੀ ਇਹ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ, ਭਾਵੇਂ ਉਸ ਦੀ ਉਮਰ 65 ਸਾਲ ਤੋਂ ਘੱਟ ਹੀ ਕਿਉਂ ਨਾ ਹੋਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)