You’re viewing a text-only version of this website that uses less data. View the main version of the website including all images and videos.
'ਨੂਰਜਹਾਂ ਨੇ ਪੰਜਾਹ ਵਰ੍ਹਿਆਂ ਤੋਂ ਵੱਧ ਸੁਰੀਲੇ ਗੀਤ ਗਾ ਕੇ ਲਾਹੌਰ ਦਾ ਕਲਚਰ ਡੈਮੇਜ ਕੀਤਾ' - ਲਾਹੌਰ 'ਚ ਛੋਟੇ ਸ਼ਹਿਰਾਂ ਤੋਂ ਆਏ ਲੋਕਾਂ ਬਾਰੇ ਬਿਆਨਾਂ 'ਤੇ ਹਨੀਫ਼ ਦੀ ਟਿੱਪਣੀ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਲਾਹੌਰ ਸ਼ਹਿਰ ਵੇਖਿਆ ਬਹੁਤ ਬਾਅਦ ਵਿੱਚ, ਲੇਕਿਨ ਬਚਪਨ ਵਿੱਚ ਪਿੰਡ 'ਚ ਹੀ ਪਤਾ ਲੱਗ ਗਿਆ ਸੀ ਕਿ ਲਾਹੌਰ ਲਾਹੌਰ ਹੈ ਤੇ ਜਿਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ।
ਛੋਟੇ ਸ਼ਹਿਰ ਵਿੱਚੋਂ ਲੋਕ ਪਹਿਲਾਂ ਬੱਤੀਆਂ ਵੇਖਣ ਲਾਹੌਰ ਜਾਂਦੇ ਸਨ। ਉੱਥੇ ਸ਼ਾਹੀ ਕਿਲ੍ਹੇ ਤੇ ਸ਼ਾਲਾਮਾਰ ਬਾਗ 'ਤੇ ਫੋਟੋਆਂ ਖਿਚਵਾਉਂਦੇ ਸਨ।
ਦਾਤਾ ਦਰਬਾਰ 'ਤੇ ਹਾਜ਼ਰੀ ਦਿੰਦੇ ਸਨ। ਕਈ ਸ਼ੌਂਕੀਨ ਲੋਕ ਸ਼ਾਹੀ ਮੁਹੱਲੇ ਦਾ ਚੱਕਰ ਵੀ ਲਾ ਆਉਂਦੇ ਸਨ।
ਕੁਝ ਲਾਹੌਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਣ ਜਾਂਦੇ ਸਨ। ਉੱਥੇ ਹੀ ਨੌਕਰੀਆਂ ਲੱਭ ਕੇ ਉੱਥੇ ਹੀ ਰਹਿ ਪੈਂਦੇ ਸਨ ਤੇ ਲਾਹੌਰੀ ਹੋ ਜਾਂਦੇ ਸਨ।
ਹਰ ਵੱਡੇ ਸ਼ਹਿਰ ਦੀ ਤਰ੍ਹਾਂ ਲਾਹੌਰ ਵੀ ਬਹੁਤ ਫੈਲ ਗਿਆ ਹੈ। ਵੰਨ ਸੁਵੰਨੇ ਲੋਕ, ਆਪਣੀਆਂ ਬੋਲੀਆਂ, ਆਪਣੀਆਂ ਰੀਤਾਂ ਉੱਥੇ ਲੈ ਕੇ ਆਏ ਨੇ ਤੇ ਰਹਿ ਰਹੇ ਨੇ।
ਹੁਣ ਲਾਹੌਰ ਦੇ ਮਸ਼ਹੂਰ ਅਦਾਕਾਰ ਉਸਮਾਨ ਪੀਰਜ਼ਾਦਾ ਸਾਹਿਬ ਨੇ ਫ਼ਰਮਾਇਆ ਹੈ ਕਿ 'ਛੋਟੇ ਸ਼ਹਿਰ ਸੇ ਆਣੇ ਵਾਲੇ ਲੋਗੋ ਨੇ ਲਾਹੌਰ ਸ਼ਹਿਰ ਕੇ ਕਲਚਰ ਕੋ ਬਹੁਤ ਡੈਮੇਜ ਕੀਆ ਹੈ। ਵੋ ਲਾਹੌਰ ਕਾ ਮਿਜ਼ਾਜ ਸਮਝ ਨਹੀਂ ਸਕੇ।'
ਹੁਣ ਪੇਂਡੂ ਨੂੰ ਪੇਂਡੂ ਆਖੋ ਤਾਂ ਉਹਨੂੰ ਬੜਾ ਭੈੜਾ ਲਗਦੈ ਤੇ ਛੋਟੇ ਸ਼ਹਿਰ ਵਾਲੇ ਨੂੰ ਵੀ ਆਪਣਾ ਛੋਟਾ ਸ਼ਹਿਰ ਯਾਦ ਕਰਵਾਓ ਤਾਂ ਉਹ ਵੀ ਮਾਈਂਡ ਕਰ ਜਾਂਦੈ।
ਪਹਿਲੇ ਮੈਂ ਵੀ ਮਾਈਂਡ ਕਰ ਗਿਆ, ਫ਼ਿਰ ਮੈਂ ਸੋਚਿਆ ਵੀ ਪੀਰਜ਼ਾਦਾ ਸਾਹਿਬ ਨੇ ਗੱਲ ਤੇ ਸੱਚੀ ਕੀਤੀ ਹੈ। ਮੈਂ ਛੋਟੇ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਦੇ ਨਾਮ ਸੋਚਣੇ ਸ਼ੁਰੂ ਕੀਤੇ, ਜਿਨ੍ਹਾਂ ਨੇ ਲਾਹੌਰ ਦਾ ਕਲਚਰ ਆ ਕੇ ਬਰਬਾਦ ਕੀਤਾ ਹੈ।
ਸਭ ਤੋਂ ਵੱਡਾ ਅਤੇ ਪਹਿਲਾ ਡੈਮੇਜ ਤਾਂ ਉਸ ਸ਼ਾਇਰ ਨੇ ਕੀਤਾ, ਜਿਸ ਨੇ ਪਾਕਿਸਤਾਨ ਦਾ ਖੁਆਬ ਵੇਖਿਆ ਸੀ। ਸ਼ਾਇਰ-ਏ-ਮਸ਼ਰਕ ਅੱਲਾਮਾ ਇਕਬਾਲ ਇੱਕ ਨਿੱਕੇ ਜਿਹੇ ਸ਼ਹਿਰ ਸਿਆਲਕੋਟ ਤੋਂ ਆਏ ਸਨ ਤੇ ਹੁਣ ਸੁਣਿਆ ਹੈ ਆਪਣੇ ਬਰਾਦਰ ਇਸਲਾਮੀ ਮੁਲਕ ਈਰਾਨ ਵਿਚ ਅਜੇ ਵੀ ਉਨ੍ਹਾਂ ਨੂੰ ਲੋਕ ਇਕਬਾਲ ਲਾਹੌਰੀਆ ਕਹਿੰਦੇ ਨੇ।
ਫਿਰ ਫੈਜ਼ ਅਹਿਮਦ ਫੈਜ਼ ਸਾਹਿਬ ਨੇ, ਜਿਨ੍ਹਾਂ ਦੇ ਇਨਕਲਾਬ ਦੇ ਤਰਾਨੇ ਜਾਮਸ਼ੋਰੋ ਤੋਂ ਲੈ ਕੇ ਦਿੱਲੀ ਦੇ ਜੰਤਰ ਮੰਤਰ ਤੱਕ ਵਜਦੇ ਨੇ। ਉਹ ਵੀ ਸਿਆਲਕੋਟ ਤੋਂ ਆਏ ਸਨ।
ਮੈਡਮ ਨੂਰਜਹਾਂ ਲਾਹੌਰ ਦੀ ਪਛਾਣ ਏ। ਉਨ੍ਹਾਂ ਨੇ ਪੰਜਾਹ ਵਰ੍ਹਿਆਂ ਤੋਂ ਜ਼ਿਆਦਾ ਸੁਰੀਲੇ ਗੀਤ ਗਾ-ਗਾ ਕੇ ਲਾਹੌਰ ਦਾ ਕਲਚਰ ਡੈਮੇਜ ਕੀਤਾ ਹੈ। ਉਹ ਛੋਟੇ ਜਿਹੇ ਸ਼ਹਿਰ ਕਸੂਰ ਦੇ ਨਾਲ ਹੋਰ ਵੀ ਨਿੱਕਾ ਜਿਹਾ ਕਸਬਾ ਸੀ ਕੋਟ ਮੁਰਾਦ, ਉਹ ਉੱਥੋਂ ਆਏ ਸਨ।
ਪਾਕਿਸਤਾਨ ਦੇ ਚੰਗੇ ਭੈੜੇ ਵੇਲਿਆਂ ਵਿੱਚ ਅਮਾਨ ਉੱਲਾ ਖਾਨ ਨੇ ਪੂਰੇ ਪਾਕਿਸਤਾਨ ਨੂੰ ਹਸਾਇਆ ਹੈ। ਉਹ ਗੁੱਜਰਾਂਵਾਲ਼ਾ ਤੋਂ ਆਏ ਸਨ।
ਉਰਦੂ ਦੇ ਸ਼ਾਇਰ ਜ਼ਫਰ ਇਕਬਾਲ ਉਕਾੜੇ ਤੋਂ ਆਏ ਨੇ।
ਪੀਟੀਵੀ ਦੇ ਸ਼ਾਹਕਾਰ ਡਰਾਮੇ ਬਣਾ ਬਣਾ ਕੇ ਲਾਹੌਰ ਦੇ ਕਲਚਰ ਨੂੰ ਡੈਮੇਜ ਕਰਨ ਵਾਲੇ ਆਰਿਫ਼ ਵਕਾਰ ਬਹੁਤ ਹੀ ਛੋਟੇ ਸ਼ਹਿਰ ਸ਼ਰਕਪੁਰ ਤੋਂ ਆਏ ਸਨ।
ਚਲੋ ਸ਼ਾਇਰਾਂ ਫ਼ਨਕਾਰਾਂ ਨੂੰ ਛੱਡੋ, ਲਾਹੌਰ ਨੂੰ ਦਾਤਾ ਦੀ ਨਗਰੀ ਵੀ ਕਹਿੰਦੇ ਨੇ ਤੇ ਦਾਤਾ ਅਲੀ ਹਜਵੇਰੀ ਗਜ਼ਨੀ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਹੈ ਹਜਵੇਰ, ਉੱਥੋਂ ਆਏ ਸਨ।
ਹੁਣ ਹਰ ਬੰਦੇ ਦਾ ਹੱਕ ਹੈ ਕਿ ਆਪਣੇ ਸ਼ਹਿਰ 'ਤੇ ਫ਼ਖਰ ਕਰੇ, ਲਾਹੌਰੀਏ ਵੀ ਕਰਨ। ਪਰ ਨਿੱਕੇ ਸ਼ਹਿਰਾਂ ਦੇ ਕਲਚਰ ਦਾ ਡੈਮੇਜ ਸੁਣ ਕੇ ਮੈਨੂੰ ਫ਼ਿਲਮ ਜ਼ਿੰਦਾਬਾਦ ਦਾ ਉਹ ਡਾਇਲੌਗ ਯਾਦ ਆ ਗਿਆ, ਜਿਹਦੇ ਵਿੱਚ ਨਸੀਰਉਦਦੀਨ ਸ਼ਾਹ ਦਾ ਕਰੈਕਟਰ ਕਹਿੰਦਾ ਹੈ, ਵੀ ਗੱਲ ਸੱਚ ਹੈ ਕਿ ਜਿਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ। ਪਰ ਜਿਹੜਾ ਲਾਹੌਰ ਜੰਮਿਆ ਹੈ ਉਹਦੇ ਕੋਲੋਂ ਤਾਂ ਕਦੇ ਦਹੀਂ ਵੀ ਨਹੀਂ ਜੰਮਿਆ।
ਉਰਦੂ ਤੇ ਪੰਜਾਬੀ ਦੇ ਸੋਹਣੇ ਸ਼ਾਇਰ ਮੁਨੀਰ ਨਿਆਜ਼ੀ ਨੇ, ਉਹ ਇੱਕ ਛੋਟੇ ਸ਼ਹਿਰ ਸਾਹੀਂਵਾਲ ਤੋਂ ਲਾਹੌਰ ਆਏ ਸਨ।
ਉਨ੍ਹਾਂ ਦੀ ਪੰਜਾਬੀ ਨਜ਼ਮ ਦੀ ਇੱਕ ਲਾਈਨ ਹੈ ਉਹ ਸਾਰਿਆਂ ਨੇ ਸੁਣੀ ਹੋਏਗੀ, ਸਾਰਿਆਂ ਨੂੰ ਯਾਦ ਹੈ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ, ਕੁਝ ਮੈਨੂੰ ਮਰਨ ਦਾ ਸ਼ੌਂਕ ਵੀ ਸੀ।
ਹਮੇਸ਼ਾ ਸੋਚਦਾ ਰਿਹਾ ਹਾਂ ਕਿ ਸ਼ਾਇਰਾਂ ਨੂੰ ਫ਼ਨਕਾਰਾਂ ਨੂੰ ਮਰਨ ਦਾ ਸ਼ੌਂਕ ਤਾਂ ਆ ਹੀ ਜਾਂਦੈ। ਪਰ ਮੁਨੀਰ ਨਿਆਜ਼ੀ ਸਾਹਿਬ ਕਿਹੜੇ ਸ਼ਹਿਰ ਦੇ ਲੋਕਾਂ ਨੂੰ ਜ਼ਾਲਿਮ ਕਹਿ ਰਹੇ ਨੇ। ਹੁਣ ਸਮਝ ਆਈ ਹੈ ਕਿ ਲਾਹੌਰੀਆਂ ਦੀ ਗੱਲ ਕਰ ਰਹੇ ਹੋਣਗੇ।
ਉਨ੍ਹਾਂ ਨੂੰ ਵੀ ਕਿਸੇ ਨੇ ਕਹਿ ਦਿੱਤਾ ਹੋਣਾ ਹੈ ਕਿ ਤੂੰ ਸਾਹੀਂਵਾਲੋਂ ਮੂੰਹ ਚੁੱਕ ਕੇ ਲਾਹੌਰ ਦਾ ਕਲਚਰ ਬਰਬਾਦ ਕਰਨ ਆ ਗਿਐ।
ਹੁਣ ਮੁਨੀਰ ਨਿਆਜ਼ੀ ਸਾਹਿਬ ਤਾਂ ਆਪਣਾ ਕੰਮ ਕਰਕੇ ਟੁਰ ਗਏ ਨੇ। ਇਸ ਬਹਾਨੇ ਉਨ੍ਹਾਂ ਦੀ ਨਜ਼ਮ ਹੀ ਪੂਰੀ ਸੁਣ ਲਓ ਸ਼ਾਇਦ ਸਮਝ ਆ ਜਾਵੇ ਕਿ ਲਾਹੌਰ ਨੂੰ ਕਿਹਨੇ ਬਣਾਇਆ ਤੇ ਕਿਹਨੇ ਵਿਗਾੜਿਆ।
ਨਜ਼ਮ ਦਾ ਨਾਮ ਹੈ 'ਹੋਣੀ ਦੇ ਹੀਲੇ'
ਕਿਸ ਦਾ ਦੋਸ਼ ਸੀ ਕਿਸ ਦਾ ਨਹੀਂ ਸੀ
ਇਹ ਗੱਲਾਂ ਹੁਣ ਕਰਨ ਦੀਆਂ ਨਹੀਂ
ਵੇਲੇ ਲੰਘ ਗਏ ਤੌਬਾ ਵਾਲੇ
ਰਾਤਾਂ ਹੌਂਕੇ ਭਰਨ ਦੀਆਂ ਨਹੀਂ
ਜੋ ਹੋਇਆ ਏ ਹੋਣਾ ਹੀ ਸੀ
ਤੇ ਹੋਣੀ ਰੋਕਿਆਂ ਰੁਕਦੀ ਨਹੀਂ
ਇੱਕ ਵਾਰੀ ਜਦੋਂ ਸ਼ੁਰੂ ਹੋ ਜਾਵੇ
ਗੱਲ ਫਿਰ ਐਵੇਂ ਮੁੱਕਦੀ ਨਹੀਂ
ਕੁਝ ਉਂਝ ਵੀ ਰਾਹਵਾਂ ਔਖੀਆਂ ਸਨ
ਕੁਝ ਗੱਲ ਵਿੱਚ ਗ਼ਮ ਦਾ ਤੌਕ ਵੀ ਸੀ
ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ
ਕੁਝ ਸਾਨੂੰ ਮਰਨ ਦਾ ਸ਼ੌਂਕ ਵੀ ਸੀ
ਰੱਬ ਰਾਖਾ
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ