ਅਜਿਹਾ ਗੈਂਗ ਜੋ ਸੋਸ਼ਲ ਮੀਡੀਆ ਜ਼ਰੀਏ ਨਾਬਾਲਗਾਂ ਨੂੰ ਭਰਤੀ ਕਰਦਾ ਹੈ ਤੇ ਉਨ੍ਹਾਂ ਤੋਂ ਕਤਲ ਕਰਵਾਉਂਦਾ ਹੈ, ਕੌਣ ਹੈ ਇਸ ਗੈਂਗ ਦਾ ਸਰਗਨਾ

    • ਲੇਖਕ, ਡੇਨੀਅਲ ਸੈਂਡਫੋਰਡ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਸਟਾਕਹੋਮ ਦੇ ਇੱਕ ਉਪਨਗਰ ਵਿੱਚ ਸਰਦੀਆਂ ਦੀ ਇੱਕ ਰਾਤ ਨੂੰ ਕਾਲੇ ਕੱਪੜਿਆਂ ਵਿੱਚ ਇੱਕ ਸ਼ਖਸ ਬਾਹਰ ਨਿਕਲਿਆ। ਹੱਥ ਵਿੱਚ ਪਿਸਤੌਲ ਸਣੇ ਇਸ ਸ਼ਖਸ ਨੇ 20 ਸਾਲ ਦੇ ਮੁਰਾਦ ਅਬਦੇਲਕਾਦੇਰ ਦਾ ਪਿੱਛਾ ਕੀਤਾ, ਜੋ ਇੱਕ ਵਿਦਿਆਰਥੀ ਸੀ ਅਤੇ ਮੈਕਡੋਨਾਲਡਜ਼ ਵਿੱਚ ਆਪਣੀ ਸ਼ਿਫਟ ਪੂਰੀ ਕਰਨ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ।

ਗੰਨਮੈਨ ਨੇ ਹਮਲਾ ਸ਼ੁਰੂ ਕੀਤਾ ਅਤੇ ਆਪਣੇ ਟਾਰਗੇਟ ਦੇ ਨਜ਼ਦੀਕ ਪਹੁੰਚਣ ਤੱਕ ਗੋਲੀਆਂ ਚਲਾਉਂਦਾ ਰਿਹਾ। ਆਖਰੀ ਗੋਲੀ ਉਸ ਨੇ ਪੀੜਤ ਦੇ ਸਿਰ ਵਿੱਚ ਮਾਰੀ ਜਦੋਂ ਉਹ ਜ਼ਮੀਨ 'ਤੇ ਡਿੱਗਿਆ ਪਿਆ ਸੀ।

ਇਹ ਕਾਤਲ 18 ਸਾਲ ਦਾ ਅਤੀਲਾ ਅਜ਼ੀਮੋਵ ਸੀ। ਪਿਛਲੇ ਸਾਲ ਫਰਵਰੀ ਦੀ ਉਸ ਰਾਤ ਉਸ ਨੇ ਇੱਕ ਗਲਤ ਸ਼ਖਸ ਨੂੰ ਮਾਰ ਦਿੱਤਾ ਸੀ।

ਅਜ਼ੀਮੋਵ ਨੇ ਇਹ ਕਤਲ ਪੈਸਿਆਂ ਲਈ ਕੀਤਾ ਸੀ ਅਤੇ ਉਸ ਨੂੰ ਫੌਕਸਟ੍ਰੋਟ ਨੈੱਟਵਰਕ ਨੇ ਕੰਮ 'ਤੇ ਰੱਖਿਆ ਸੀ ਜੋ ਇੱਕ ਸੰਗਠਿਤ ਅਪਰਾਧਿਕ ਗਿਰੋਹ ਹੈ ਜਿਸ ਦੇ ਸਬੰਧ ਇਰਾਨੀ ਹਕੂਮਤ ਨਾਲ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਇਹ ਆਪਣੇ 'ਵੌਇਲੈਂਸ-ਐਜ਼-ਏ-ਸਰਵਿਸ (ਵੀਏਏਐਸ)' ਤਰੀਕੇ ਲਈ ਬਦਨਾਮ ਹੈ।

ਵੀਡੀਓ ਗੇਮ ਵਾਂਗ ਕਤਲ ਲਈ ਟਾਰਗੇਟ ਦਿੱਤੇ ਜਾਂਦੇ...

ਸਾਲ 2022 ਤੋਂ ਫੌਕਸਟ੍ਰੋਟ ਨੈੱਟਵਰਕ ਨੂੰ ਕਰੀਬ 35 ਕਤਲਾਂ ਤੋਂ ਇਲਾਵਾ ਯੂਰੋਪ ਵਿੱਚ ਇਜ਼ਰਾਇਲੀ ਟਾਰਗੇਟਸ 'ਤੇ ਕਈ ਹਮਲਿਆਂ ਅਤੇ ਹਮਲੇ ਦੀਆਂ ਕੋਸ਼ਿਸ਼ਾਂ, ਜਿਨ੍ਹਾਂ 'ਚ ਦੋ ਵਿਸਫੋਟਕ ਅਤੇ ਹੈਂਡ ਗ੍ਰਨੇਡ ਨਾਲ ਕੀਤੇ ਹਮਲੇ ਸ਼ਾਮਿਲ ਹਨ, ਲਈ ਜ਼ਿੰਮੇਵਾਰ ਸਮਝਿਆ ਜਾਂਦਾ ਹੈ।

ਇਹ ਗਿਰੋਹ ਹਮਲੇ ਕਰਵਾਉਣ ਲਈ ਪੈਸਿਆਂ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਚੁਣਦਾ ਹੈ ਪਰ ਉਸ ਨੂੰ ਪੈਸੇ ਕਦੇ ਦੇਣੇ ਨਹੀਂ ਪੈਂਦੇ ਕਿਉਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਹਮਲਾਵਰ ਫੜ੍ਹੇ ਜਾਂਦੇ ਹਨ।

ਅਜਿਹਾ ਹੀ ਇੱਕ ਮਾਮਲਾ ਨੌਰਵੇ ਦੇ ਕਿਸ਼ੋਰ ਜੋਹਾਨਸ ਨੈਟਲੈਂਡ ਦਾ ਹੈ, ਜਿਸ ਨੂੰ ਬੁੱਧਵਾਰ ਨੂੰ ਲੰਡਨ ਸਥਿਤ ਓਲਡ ਬੇਲੀ ਅਦਾਲਤ ਵਿੱਚ ਜਿਊਰੀ ਨੇ ਵੈਸਟ ਯੌਰਕਸ਼ਾਇਰ ਵਿੱਚ ਇੱਕ ਯੋਜਨਾਬੱਧ ਕਤਲ ਦੀ ਸਾਜ਼ਿਸ਼ ਵਿੱਚ ਦੋਸ਼ੀ ਕਰਾਰ ਦਿੱਤਾ ਹੈ।

ਗੈਂਗ ਨਾਲ ਨਜਿੱਠਣ ਲਈ ਕੋਸ਼ਿਸ਼ਾਂ...

ਇਸ ਸਮੱਸਿਆ ਨਾਲ ਨਜਿੱਠਣ ਲਈ ਯੂਰੋਪੋਲ ਵੱਲੋਂ ਗਠਿਤ ਆਪ੍ਰੇਸ਼ਨਲ ਟਾਸਕ ਫੋਰਸ ਜੀਆਰਆਈਐਮਐਮ (ਗ੍ਰਿਮ) ਮੁਤਾਬਕ ਇਨ੍ਹਾਂ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਭਰਤੀ ਕੀਤਾ ਜਾਂਦਾ ਹੈ ਅਤੇ ਜਿਵੇਂ ਕੰਪਿਊਟਰ ਗੇਮਜ਼ ਕੰਮ ਕਰਦੀਆਂ ਹਨ, ਬਿਲਕੁੱਲ ਉਸੇ ਤਰੀਕੇ ਨਾਲ ਇਨ੍ਹਾਂ ਨੂੰ ਆਪਣੇ ਟਾਰਗੇਟ ਬਾਰੇ ਗੇਮ ਵਾਂਗ ਜਾਣਕਾਰੀ ਦਿੱਤੀ ਜਾਂਦੀ ਹੈ।

ਯੂਰੋਪੋਲ ਦੇ ਯੂਰੋਪੀਅਨ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ ਸੈਂਟਰ ਦੇ ਹੈੱਡ ਐਂਡੀ ਕ੍ਰੈਗ ਇਸ ਨੂੰ "ਸੋਚੀ ਸਮਝੀ ਸਾਜ਼ਿਸ਼ ਤਹਿਤ ਕਤਲ ਦੀ ਜ਼ਿੰਮੇਵਾਰੀ ਨੌਜਵਾਨਾਂ 'ਤੇ ਮੜ੍ਹਨਾ" ਕਰਾਰ ਦਿੰਦੇ ਹਨ।

ਮੌਜੂਦਾ ਸਮੇਂ ਵਿੱਚ ਆਪ੍ਰੇਸ਼ਨਲ ਟਾਸਕ ਫੋਰਸ ਗ੍ਰਿਮ ਵਿੱਚ "ਵੌਇਲੈਂਸ-ਐਜ਼-ਏ-ਸਰਵਿਸ" ਪ੍ਰਵਿਰਤੀ ਨਾਲ ਪ੍ਰਭਾਵਿਤ 11 ਮੁਲਕ ਸ਼ਾਮਿਲ ਹਨ, ਜਿਨ੍ਹਾਂ ਵਿੱਚ ਬੈਲਜੀਅਮ, ਡੈੱਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਈਸਲੈਂਡ, ਨੀਦਰਲੈਂਡਸ, ਨੌਰਵੇ, ਸਪੇਨ, ਸਵੀਡਨ ਅਤੇ ਯੂਨਾਈਟਡ ਕਿੰਗਡਮ ਸ਼ਾਮਿਲ ਹਨ।

ਕੌਣ ਹੈ ਇਸ ਗੈਂਗ ਦਾ ਸਰਗਨਾ ?

ਫੌਕਸਟ੍ਰੋਟ ਨੈੱਟਵਰਕ ਦਾ ਸਰਗਨਾ ਰਾਵਾ ਮਜੀਦ, ਸਵੀਡਨ ਭੱਜ ਗਿਆ ਸੀ, ਜਿਸ ਤੋਂ ਬਾਅਦ ਉਹ ਤੁਰਕੀ ਤੋਂ ਗੈਂਗ ਚਲਾਉਂਦਾ ਸੀ ਅਤੇ ਹੁਣ ਈਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਰਹਿ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਵੌਇਲੈਂਸ-ਐਜ਼-ਏ-ਸਰਵਿਸ ਤਹਿਤ ਕੀਤੇ ਗਏ ਕੁਝ ਹਮਲੇ ਈਰਾਨੀ ਹਕੂਮਤ ਲਈ ਕਰਵਾਏ ਗਏ ਸਨ। ਜਿਨ੍ਹਾਂ ਵਿੱਚ ਕੋਪਨਹੇਗਨ ਸਥਿਤ ਇਜ਼ਰਾਇਲੀ ਦੂਤਾਵਾਸ 'ਤੇ ਹੈਂਡ ਗ੍ਰਨੇਡ ਹਮਲਾ ਵੀ ਸ਼ਾਮਿਲ ਹੈ। ਜਦੋਂਕਿ ਕੁਝ ਹੋਰ ਹਮਲੇ ਫੌਕਸਟ੍ਰੋਟ ਗਿਰੋਹ ਦੇ ਨਸ਼ਿਆਂ ਦੇ ਧੰਦੇ 'ਤੇ ਕਬਜ਼ੇ ਲਈ ਚੱਲ ਰਹੀ ਗੈਂਗਵਾਰ ਦਾ ਹਿੱਸਾ ਸਨ।

ਸਵੀਡਿਸ਼ ਬ੍ਰੌਡਕਾਸਟਰ ਐਸਵੀਟੀ ਦੇ ਖੋਜੀ ਪੱਤਰਕਾਰ ਡਾਇਮੈਂਟ ਸਾਲਿਹੂ ਪਿਛਲੇ ਤਿੰਨ ਸਾਲਾਂ ਤੋਂ ਫੌਕਸਟ੍ਰੋਟ ਨੈੱਟਵਰਕ ਅਤੇ ਇਸ ਦੇ ਈਰਾਨ ਨਾਲ ਕਥਿਤ ਸਬੰਧਾਂ ਦੀ ਜਾਂਚ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ, "ਈਰਾਨੀ ਹਕੂਮਤ ਫੌਕਸਟ੍ਰੋਟ ਨੈੱਟਵਰਕ ਦੇ ਸਰਗਨਾ ਨੂੰ ਉਸ ਦੇ ਨੈੱਟਵਰਕ ਰਾਹੀਂ ਈਰਾਨੀ ਹਕੂਮਤ ਦੇ ਵਿਰੋਧੀਆਂ 'ਤੇ ਹਮਲੇ ਕਰਵਾਉਣ ਦੇ ਹੁਕਮ ਦਿੰਦੀ ਹੈ।"

ਉਨ੍ਹਾਂ ਕਿਹਾ, "ਇਹ ਨਿਸ਼ਾਨੇ ਈਰਾਨੀ ਹਕੂਮਤ ਦਾ ਵਿਰੋਧ ਕਰਨ ਵਾਲੀਆਂ ਆਵਾਜ਼ਾਂ, ਹਕੂਮਤ ਵਿਰੋਧੀ ਪੱਤਰਕਾਰ ਜਾਂ ਇਜ਼ਰਾਇਲੀ ਟਿਕਾਣੇ ਵੀ ਹੋ ਸਕਦੇ ਹਨ।"

ਸਾਲਿਹੂ ਦਾ ਕਹਿਣਾ ਹੈ ਕਿ ਈਰਾਨੀ ਹਕੂਮਤ ਨਾਲ ਸਬੰਧ ਅਕਤੂਬਰ 2023 ਤੋਂ ਬਾਅਦ ਬਣਨੇ ਸ਼ੁਰੂ ਹੋਏ ਜਦੋਂ ਮਜੀਦ ਭੱਜ ਕੇ ਤੇਹਰਾਨ ਆ ਗਿਆ ਸੀ।

ਉਨ੍ਹਾਂ ਨੇ ਕਿਹਾ, "ਈਰਾਨ ਵਿੱਚ ਆਜ਼ਾਦੀ ਨਾਲ ਰਹਿਣ ਲਈ ਉਸ ਨੂੰ ਇੱਕ ਸਮਝੌਤਾ ਕਰਨਾ ਪਿਆ, ਜਿਸ ਦੀ ਸ਼ਰਤ ਇਹ ਸੀ ਕਿ ਉਹ ਅਤੇ ਉਸ ਦਾ ਨੈੱਟਵਰਕ ਈਰਾਨੀ ਹਕੂਮਤ ਲਈ ਕੰਮ ਕਰਨਗੇ।"

ਅਪ੍ਰੈਲ 2025 ਵਿੱਚ ਯੂਕੇ ਸਰਕਾਰ ਨੇ ਫੌਕਸਟ੍ਰੋਟ ਨੈੱਟਵਰਕ ਅਤੇ ਰਾਵਾ ਮਜੀਦ 'ਤੇ ਪਾਬੰਦੀਆਂ ਲਗਾ ਦਿੱਤੀਆਂ ਸਨ।

ਇਹੀ ਉਹ ਮਹੀਨਾ ਸੀ ਜਦੋਂ ਨੈਟਲੈਂਡ, ਜੋ ਉਸ ਵੇਲੇ 18 ਸਾਲ ਦਾ ਸੀ, ਦੀ ਗ੍ਰਿਫ਼ਤਾਰੀ ਹੋਈ। ਉਹ ਫੌਕਸਟ੍ਰੋਟ ਨੈੱਟਵਰਕ ਲਈ ਹਡਰਜ਼ਫ਼ੀਲਡ ਦੇ ਨੇੜੇ ਇੱਕ ਵਿਅਕਤੀ ਦਾ ਕਤਲ ਕਰਨ ਦੇ ਮਕਸਦ ਨਾਲ ਹਵਾਈ ਜਹਾਜ਼ ਰਾਹੀਂ ਬ੍ਰਿਟੇਨ ਪਹੁੰਚਿਆ ਸੀ।

ਕਿਵੇਂ ਕੰਮ ਕਰਦਾ ਹੈ ਇਹ ਨੈੱਟਵਰਕ?

ਨੈਟਲੈਂਡ ਦਾ ਕੇਸ ਦੱਸਦਾ ਹੈ ਕਿ 'ਵੌਇਲੈਂਸ-ਐਜ਼-ਏ-ਸਰਵਿਸ' ਦਾ ਇਹ ਨੈੱਟਵਰਕ ਕਿਵੇਂ ਕੰਮ ਕਰਦਾ ਹੈ।

ਨੈਟਲੈਂਡ ਨੌਰਵੇ ਦੇ ਸ਼ਹਿਰ ਸਟੈਵੈਂਗਰ ਦੇ ਦੋ ਪੱਤਰਕਾਰਾਂ ਦਾ ਪੁੱਤਰ ਹੈ ਅਤੇ ਉਸ ਦਾ ਬਚਪਨ ਆਰਾਮਦਾਇਕ ਮਾਹੌਲ ਵਿੱਚ ਬੀਤਿਆ। ਪਰ ਬਾਅਦ ਵਿੱਚ ਉਹ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋ ਗਿਆ ਅਤੇ ਮਨੋਵਿਕਾਰ (ਸਾਇਕੋਸਿਸ) ਨਾਲ ਜੂਝਣ ਲੱਗਾ। ਇਸ ਕਾਰਨ ਉਸ ਨੂੰ ਨਸ਼ਾ ਛੁਡਾਉਣ ਲਈ ਪੁਨਰਵਾਸ ਕੇਂਦਰ ਭੇਜਿਆ ਗਿਆ ਅਤੇ ਕੁਝ ਸਮਾਂ ਉਹ ਬਾਲ ਸੰਭਾਲ ਕੇਂਦਰ ਵਿੱਚ ਵੀ ਰਿਹਾ। ਉੱਥੇ ਉਸ ਦੀ ਮੁਲਾਕਾਤ ਇੱਕ ਹੋਰ ਨੌਜਵਾਨ ਨਾਲ ਹੋਈ, ਜੋ ਆਨਲਾਈਨ "ਅਨਨੋਨ ਹਸਲਰ" ਦੇ ਨਾਮ ਨਾਲ ਜਾਣਿਆ ਜਾਂਦਾ ਸੀ।

ਇਹੀ ਉਹ ਸ਼ਖਸ ਸੀ ਜਿਸ ਨੇ ਸਭ ਤੋਂ ਪਹਿਲਾਂ ਨੈਟਲੈਂਡ ਨੂੰ ਯੂਕੇ ਵਿੱਚ ਇੱਕ ਕਤਲ ਕਰਨ ਲਈ ਆਨਲਾਈਨ ਰਿਕਵੈਸਟ ਭੇਜੀ ਸੀ, ਲਿਖਿਆ ਸੀ- ਕਿਲਿੰਗ ਇਨ ਇੰਗਲੈਂਡ 270k" (ਭਾਵ 2,70,000 ਨਾਰਵੇਜ਼ੀਅਨ ਕਰੋਨਰ, ਜੋ ਲਗਭਗ 21,000 ਪੌਂਡ ਦੇ ਬਰਾਬਰ ਹਨ)। ਇਹ ਪੇਸ਼ਕਸ਼ ਇੱਕ ਹੋਰ ਨਬਾਲਿਗ ਵੱਲੋਂ ਆਈ ਸੀ, ਜੋ 'ਜੈਨੇਰਾਲੇਨ' ਨਾਮ ਨਾਲ ਆਨਲਾਈਨ ਸਰਗਰਮ ਸੀ।

ਉਸ ਸਮੇਂ 'ਜੈਨੇਰਾਲੇਨ' ਸਿਰਫ਼ 16 ਸਾਲ ਦਾ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਬਾਲ ਸੰਭਾਲ ਕੇਂਦਰ ਵਿੱਚ ਰਹਿ ਰਿਹਾ ਸੀ। ਉਸ ਨੇ ਹੀ ਨੈਟਲੈਂਡ ਨੂੰ ਇਸ ਕਤਲ ਦੀ ਸਾਜ਼ਿਸ਼ ਲਈ ਭਰਤੀ ਕੀਤਾ।

ਇਸ ਤੋਂ ਬਾਅਦ ਨੈਟਲੈਂਡ ਨੂੰ ਫੌਕਸਟ੍ਰੋਟ ਨੈੱਟਵਰਕ ਦੇ ਇੱਕ ਮੈਂਬਰ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਦਾ ਆਨਲਾਈਨ ਨਾਮ "ਏਜੰਟ 47" ਸੀ ਅਤੇ ਇਹ ਨਾਂਅ ਹਿਟਮੈਨ ਗੇਮ ਫ੍ਰੈਂਚਾਈਜ਼ੀ ਤੋਂ ਲਿਆ ਗਿਆ ਸੀ। ਸਵੀਡਨ ਪੁਲਿਸ ਦਾ ਇਲਜ਼ਾਮ ਹੈ ਕਿ ਫੌਕਸਟ੍ਰੋਟ ਦਾ ਸਰਗਨਾ ਰਾਵਾ ਮਜੀਦ ਦਾ ਕਰੀਬੀ ਸਾਥੀ ਅਲੀ ਸ਼ਹਿਹਾਦ ਅਹਿਮਦ ਹੀ "ਏਜੰਟ 47" ਹੈ।

'ਏਜੰਟ 47' ਨੇ ਨੈਟਲੈਂਡ ਲਈ ਮੈਨਚੈਸਟਰ ਹਵਾਈ ਅੱਡੇ ਦੀ ਇੱਕ-ਤਰਫ਼ਾ ਟਿਕਟ ਬੁੱਕ ਕੀਤੀ ਅਤੇ ਐਮਰਜੈਂਸੀ ਪਾਸਪੋਰਟ ਬਣਵਾਉਣ ਵਿੱਚ ਵੀ ਮਦਦ ਕੀਤੀ। ਸਿਗਨਲ ਮੈਸੇਜਿੰਗ ਐਪ ਰਾਹੀਂ ਉਸ ਨੇ ਨੈਟਲੈਂਡ ਨੂੰ ਸਫ਼ਰ ਦੌਰਾਨ ਹਰ ਪੜਾਅ 'ਤੇ ਹਦਾਇਤਾਂ ਦਿੱਤੀਆਂ, ਉਦੋਂ ਤੱਕ ਜਦੋਂ ਤੱਕ ਉਹ ਲੌਜਿਸਟਿਕ ਮੈਨ ਜਿਸ ਦਾ ਯੂਜ਼ਰਨੇਮ "1" ਸੀ, ਤੱਕ ਨਹੀਂ ਪਹੁੰਚ ਗਿਆ।

ਕੰਪਿਊਟਰ ਗੇਮ ਦੇ ਹੀ ਕਿਸੇ ਕਿਰਦਾਰ ਵਾਂਗ ਨੈਟਲੈਂਡ ਨੂੰ ਨਿਰਦੇਸ਼ ਦਿੰਦੇ ਹੋਏ "1" ਨੇ ਉਸ ਨੂੰ ਮੈਪ ਅਤੇ ਵੀਡੀਓ ਭੇਜੇ, ਜਿਨ੍ਹਾਂ ਵਿੱਚ ਦਿਖਾਇਆ ਗਿਆ ਸੀ ਕਿ ਹਡਰਜ਼ਫ਼ੀਲਡ ਦੇ ਜੰਗਲ ਵਿੱਚ ਲੁਕਾਈਆਂ ਗਈਆਂ ਬੰਦੂਕਾਂ ਕਿੱਥੋਂ ਲੈਣੀਆਂ ਹਨ। ਇਸ ਤੋਂ ਬਾਅਦ ਇੱਕ ਹੋਰ ਵੀਡੀਓ ਭੇਜੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਸੁਰੰਗ ਦੇ ਨੇੜੇ ਝਾੜੀਆਂ ਵਿੱਚ ਲੁਕਾਇਆ ਗਿਆ ਕੈਸ਼ ਕਿਵੇਂ ਹਾਸਲ ਕਰਨਾ ਹੈ।

ਜਦੋਂ ਨੈਟਲੈਂਡ ਹਡਰਜ਼ਫ਼ੀਲਡ ਦੇ ਇੱਕ ਹੋਟਲ ਵਿੱਚ ਹਥਿਆਰਾਂ ਸਮੇਤ ਪਹੁੰਚ ਗਿਆ ਤਾਂ 'ਏਜੰਟ 47' ਨੇ ਉਸ ਨੂੰ ਮੈਸੇਜ ਭੇਜਿਆ: "ਕੱਲ੍ਹ ਸਾਡੇ ਕੋਲ ਬਹੁਤ ਕੰਮ ਹੈ।"

ਅਗਲੀ ਸਵੇਰ ਹੀ ਨੈਟਲੈਂਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਸਮੇਂ ਤੱਕ ਉਸ ਨੂੰ ਇਹ ਵੀ ਨਹੀਂ ਦੱਸਿਆ ਗਿਆ ਸੀ ਕਿ ਉਸ ਨੇ ਕਿਸ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਹੈ। ਅੱਤਵਾਦ-ਰੋਕੂ ਜਾਂਚ ਅਧਿਕਾਰੀ ਅਜੇ ਵੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕਤਲ ਕਿਸੇ ਅਪਰਾਧਿਕ ਗਿਰੋਹ ਲਈ ਕੀਤਾ ਜਾਣਾ ਸੀ ਜਾਂ ਈਰਾਨ ਲਈ ਇੱਕ ਸਿਆਸੀ ਮਕਸਦ ਨਾਲ।

ਗੈਂਗ ਦੇ ਮੈਂਬਰਾਂ ਤੱਕ ਕਿਵੇਂ ਪਹੁੰਚੀ ਪੁਲਿਸ?

ਨੈਟਲੈਂਡ ਨੂੰ ਭਰਤੀ ਕਰਨ ਵਾਲਾ ਨਾਬਾਲਿਗ 'ਜੈਨੇਰਾਲੇਨ' ਬਹੁਤ ਐਕਟਿਵ ਸੀ। ਨੈਟਲੈਂਡ ਤੋਂ ਇਲਾਵਾ ਉਸ ਨੇ ਘੱਟੋ-ਘੱਟ ਦੋ ਹੋਰ ਲੋਕਾਂ ਨੂੰ ਵੀ ਸਵੀਡਨ ਵਿੱਚ ਕਤਲ ਕਰਨ ਲਈ ਭਰਤੀ ਕੀਤਾ ਸੀ।

ਇਨ੍ਹਾਂ ਵਿੱਚੋਂ ਇੱਕ ਅਤੀਲਾ ਅਜ਼ੀਮੋਵ ਸੀ, ਜੋ ਗਲਤ ਸ਼ਖਸ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਦੂਜਾ ਇੱਕ 17 ਸਾਲਾ ਨਬਾਲਿਗ ਸੀ, ਜਿਸ ਨੇ ਇਸ ਤੋਂ ਸਾਢੇ ਤਿੰਨ ਹਫ਼ਤੇ ਪਹਿਲਾਂ ਦੱਖਣੀ ਸਵੀਡਨ ਦੇ ਲੁੰਡ ਸ਼ਹਿਰ ਵਿੱਚ ਅਹਿਮਦ ਜ਼ਾਮਜ਼ਾਮ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਇਨ੍ਹਾਂ ਦੋਵੇਂ ਕਾਤਲਾਂ ਨੂੰ ਕੋਈ ਪੈਸਾ ਨਹੀਂ ਮਿਲਿਆ, ਕਿਉਂਕਿ ਦੋਵੇਂ ਵਾਰਦਾਤ ਤੋਂ ਬਾਅਦ ਫੜੇ ਗਏ ਸਨ। ਸਾਲਿਹੂ ਮੁਤਾਬਕ ਇਹੀ ਫੌਕਸਟ੍ਰੋਟ ਨੈੱਟਵਰਕ ਦੇ ਕੰਮ ਕਰਨ ਦਾ ਤਰੀਕਾ ਹੈ।

ਸਾਲਿਹੂ ਨੇ ਕਿਹਾ, "ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਕਿ ਇਹ ਨਬਾਲਿਗ ਫੜੇ ਜਾਂਦੇ ਹਨ ਜਾਂ ਨਹੀਂ। ਜਦੋਂ ਉਹ ਫੜੇ ਜਾਂਦੇ ਹਨ ਤਾਂ ਉਹ ਉਨ੍ਹਾਂ ਪੈਸਿਆਂ ਦੀ ਮੰਗ ਵੀ ਨਹੀਂ ਕਰ ਸਕਦੇ, ਜਿਨ੍ਹਾਂ ਦਾ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ। ਸਾਡੇ ਕੋਲ ਅਜਿਹਾ ਕੋਈ ਉਦਾਹਰਣ ਨਹੀਂ ਹੈ ਕਿ ਇਨ੍ਹਾਂ ਨੌਜਵਾਨ ਕਾਤਲਾਂ ਨੂੰ ਅਸਲ ਵਿੱਚ ਪੈਸੇ ਦਿੱਤੇ ਗਏ ਹੋਣ।"

ਉਨ੍ਹਾਂ ਨੇ ਅੱਗੇ ਕਿਹਾ, "ਛੋਟੀ ਉਮਰ ਦੇ ਨੌਜਵਾਨਾਂ ਨੂੰ ਭਰਤੀ ਕਰਨਾ ਇੱਕ ਸੋਚੀ-ਸਮਝੀ ਰਣਨੀਤੀ ਹੈ, ਕਿਉਂਕਿ ਉਹ ਗ੍ਰਿਫ਼ਤਾਰ ਹੋਣ ਦੇ ਨਤੀਜਿਆਂ ਬਾਰੇ ਘੱਟ ਸੋਚਦੇ ਹਨ ਅਤੇ ਵੱਡਾ ਜੋਖ਼ਮ ਲੈਣ ਲਈ ਜਲਦੀ ਤਿਆਰ ਹੋ ਜਾਂਦੇ ਹਨ।"

'ਜੈਨੇਰਾਲੇਨ' ਉਸ ਵੇਲੇ ਪੁਲਿਸ ਦੇ ਹੱਥ ਆ ਗਿਆ, ਜਦੋਂ ਉਹ ਇੱਕ ਨਾਰਵੇਜ਼ੀਅਨ ਪੁਲਿਸ ਅਧਿਕਾਰੀ ਦੇ 14 ਸਾਲਾ ਪੁੱਤਰ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਸੀ। ਚਾਕੂ ਨਾਲ ਵਾਰਦਾਤ ਨੂੰ ਅੰਜਾਮ ਦੇਣ ਲਈ ਉਸ ਨੇ ਇੱਕ 15 ਸਾਲਾ ਅਤੇ ਇੱਕ 17 ਸਾਲਾ ਨਬਾਲਿਗ ਨੂੰ ਭਰਤੀ ਕੀਤਾ ਸੀ ਪਰ 15 ਸਾਲਾ ਮੁੰਡੇ ਨੇ ਪੁਲਿਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ।

ਜਦੋਂ 'ਜੈਨੇਰਾਲੇਨ' ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਜਾਂਚਕਰਤਾਵਾਂ ਨੂੰ ਉਸ ਦੇ ਫ਼ੋਨ ਵਿੱਚ ਹਡਰਜ਼ਫ਼ੀਲਡ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਜਾਣਕਾਰੀ ਮਿਲੀ। ਇਸ ਸੂਚਨਾ ਦੇ ਆਧਾਰ 'ਤੇ ਬ੍ਰਿਟਿਸ਼ ਪੁਲਿਸ ਨੇ ਸਮੇਂ ਸਿਰ ਨੈਟਲੈਂਡ ਨੂੰ ਗ੍ਰਿਫ਼ਤਾਰ ਕਰ ਲਿਆ।

ਮਈ ਮਹੀਨੇ ਵਿੱਚ 'ਜੈਨੇਰਾਲੇਨ' ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਉਹ ਇਸ ਵੇਲੇ 14 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਗੈਂਗ ਦਾ ਸਰਗਨਾ ਅਜੇ ਵੀ ਗ੍ਰਿਫ਼ਤ 'ਚੋਂ ਬਾਹਰ

ਆਪ੍ਰੇਸ਼ਨਲ ਟਾਸਕ ਫੋਰਸ ਗ੍ਰਿਮ ਦੇ ਗਠਨ ਤੋਂ ਬਾਅਦ ਦੇ 15 ਮਹੀਨਿਆਂ ਵਿੱਚ ਇਸ ਨੂੰ ਕੁਝ ਮਹੱਤਵਪੂਰਨ ਸਫਲਤਾਵਾਂ ਮਿਲੀਆਂ ਹਨ। ਪੁਲਿਸ ਨੇ ਹੁਣ ਤੱਕ 280 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਕੁਝ ਅਹਿਮ ਸ਼ੱਕੀ ਵੀ ਸ਼ਾਮਿਲ ਹਨ।

ਸਭ ਤੋਂ ਮਹੱਤਵਪੂਰਨ ਗ੍ਰਿਫ਼ਤਾਰੀਆਂ ਵਿੱਚੋਂ ਇੱਕ ਅਹਿਮਦ ਦੀ ਹੈ, ਜਿਸ ਨੂੰ ਹੀ "ਏਜੰਟ 47" ਮੰਨਿਆ ਜਾਂਦਾ ਹੈ।

ਉਸ ਨੂੰ ਇਰਾਕ ਦੇ ਕੁਰਦ ਸ਼ਹਿਰ ਸੁਲੈਮਾਨੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਇਸ ਵੇਲੇ ਉਸ ਨੂੰ ਸਵੀਡਨ ਦੇ ਹਵਾਲੇ ਕਰਨ ਦੀ ਕਾਰਵਾਈ ਚੱਲ ਰਹੀ ਹੈ।

ਸਵੀਡਨ ਦੇ ਡਿਪਟੀ ਨੈਸ਼ਨਲ ਪੁਲਿਸ ਕਮਿਸ਼ਨਰ ਸਟੀਫ਼ਨ ਹੈਕਟਰ ਨੇ ਕਿਹਾ ਕਿ ਉਹ ਲਗਾਤਾਰ ਹੋਰ ਦੇਸ਼ਾਂ ਨਾਲ ਆਪਣਾ ਸਹਿਯੋਗ ਵਧਾ ਰਹੇ ਹਨ ਅਤੇ ਸੰਗਠਿਤ ਅਪਰਾਧੀਆਂ ਨੂੰ ਇਹ ਸੁਨੇਹਾ ਦੇ ਰਹੇ ਹਨ ਕਿ "ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਨਾ ਸਮਝਣ।"

ਮਈ ਵਿੱਚ ਮੁਹੰਮਦ "ਮੋਵਗਲੀ" ਮੋਹਧੀ, ਜੋ ਇੱਕ ਸਾਬਕਾ ਰੈਪਰ ਹੈ ਅਤੇ ਜਿਸ ਨੂੰ ਸਵੀਡਿਸ਼ ਪੁਲਿਸ ਫੌਕਸਟ੍ਰੋਟ ਨੈੱਟਵਰਕ ਦਾ "ਕੇਂਦਰੀ ਕਿਰਦਾਰ" ਦੱਸਦੀ ਹੈ, ਨੂੰ ਟਿਊਨੀਸ਼ੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਹਾਲਾਂਕਿ, ਫੌਕਸਟ੍ਰੋਟ ਨੈੱਟਵਰਕ ਦਾ ਸਰਗਨਾ ਰਾਵਾ ਮਜੀਦ ਅਜੇ ਵੀ ਈਰਾਨ ਵਿੱਚ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ।

ਸਾਲਿਹੂ ਨੇ ਕਿਹਾ, "ਉਹ ਅਜੇ ਵੀ ਸਰਗਰਮ ਹੈ ਅਤੇ ਜਦੋਂ ਤੱਕ ਇਹ ਨੈੱਟਵਰਕ ਸਰਗਰਮ ਰਹੇਗਾ, ਮੈਨੂੰ ਡਰ ਹੈ ਕਿ ਅਸੀਂ ਈਰਾਨੀ ਹਕੂਮਤ ਦੇ ਵਿਰੋਧੀਆਂ 'ਤੇ ਹਮਲੇ ਜਾਰੀ ਦੇਖਦੇ ਰਹਾਂਗੇ।"

ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਫੌਕਸਟ੍ਰੋਟ ਨੈੱਟਵਰਕ ਦੀ ਕਾਰਗੁਜ਼ਾਰੀ ਕਿੰਨੀ ਕਮਜ਼ੋਰ ਹੋਈ ਹੈ।

ਪਰ ਹੋਰ ਅਪਰਾਧਿਕ ਗਿਰੋਹਾਂ ਜਿਵੇਂ ਫੌਕਸਟ੍ਰੋਟ ਦੀ ਵਿਰੋਧੀ ਗੈਂਗ ਡਾਲੇਨ ਨੈੱਟਵਰਕ ਨੇ ਵੀ ਹੁਣ "ਵੌਇਲੈਂਸ-ਐਜ਼-ਏ-ਸਰਵਿਸ" ਮਾਡਲ ਤਹਿਤ ਕਮਜ਼ੋਰ ਅਤੇ ਨਬਾਲਿਗ ਨੌਜਵਾਨਾਂ ਦੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਇਹ ਖ਼ਤਰਾ ਅਜੇ ਵੀ ਕਾਇਮ ਹੈ।

ਇਹ ਰੁਝਾਨ ਸਵੀਡਨ ਤੋਂ ਸ਼ੁਰੂ ਹੋ ਕੇ ਤੇਜ਼ੀ ਨਾਲ ਪੂਰੇ ਸਕੈਂਡੀਨੇਵੀਆ ਅਤੇ ਉੱਤਰੀ ਯੂਰੋਪ ਵਿੱਚ ਫੈਲ ਗਿਆ। ਨੈਟਲੈਂਡ ਦੇ ਕੇਸ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਇਹ ਨੈੱਟਵਰਕ ਯੂਕੇ ਤੱਕ ਵੀ ਪਹੁੰਚ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)