ਮੁਸ਼ੱਰਫ਼ ਨੇ ਵਾਜਪਾਈ ਨੂੰ ਸਲਾਮੀ ਕਿਉਂ ਨਹੀਂ ਦਿੱਤੀ ਸੀ? 'ਆਪ੍ਰੇਸ਼ਨ ਸਫ਼ੇਦ ਸਾਗਰ' ਵਿੱਚ ਦਿਖਾਈ ਗਈ ਕਾਰਗਿਲ ਕਹਾਣੀ ਦੀ ਪੜਤਾਲ

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1999 ਵਿੱਚ ਪਾਕਿਸਤਾਨ ਦੌਰੇ 'ਤੇ ਗਏ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ
    • ਲੇਖਕ, ਅਭਿਸ਼ੇਕ ਪ੍ਰਤਾਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਕਾਰਗਿਲ ਬਾਰੇ ਅਸੀਂ ਹੁਣ ਤੱਕ 'ਐਲਓਸੀ ਕਾਰਗਿਲ' ਤੋਂ ਲੈ ਕੇ 'ਸ਼ੇਰਸ਼ਾਹ' ਵਰਗੀਆਂ ਕਈ ਫ਼ਿਲਮਾਂ ਵੇਖੀਆਂ ਹਨ। ਉਹ ਸਭ ਜ਼ਮੀਨ ਉੱਤੇ ਲੜੀਆਂ ਗਈਆਂ ਜੰਗਾਂ ਦੀਆਂ ਕਹਾਣੀਆਂ ਸਨ।

ਪਹਾੜਾਂ ਉੱਤੇ ਪੈਦਲ ਚੜ੍ਹਦੇ ਫੌਜੀ, ਬੰਕਰ ਅਤੇ ਚੋਟੀਆਂ ਉੱਤੇ ਲਹਿਰਾਉਂਦਾ ਤਿਰੰਗਾ। 'ਨੈਟਫਲਿਕਸ' ਉੱਤੇ ਹਾਲ ਹੀ ਵਿੱਚ ਰਿਲੀਜ਼ ਹੋਈ ਵੈਬ ਸੀਰੀਜ਼ 'ਆਪ੍ਰੇਸ਼ਨ ਸਫ਼ੇਦ ਸਾਗਰ' ਪਹਿਲੀ ਵਾਰ ਇਸ ਜੰਗ ਨੂੰ ਭਾਰਤੀ ਹਵਾਈ ਫੌਜ ਦੇ ਨਜ਼ਰੀਏ ਤੋਂ ਦਿਖਾਉਂਦੀ ਹੈ।

ਇਸ ਸੀਰੀਜ਼ ਦੀ ਕਾਫ਼ੀ ਚਰਚਾ ਹੋ ਰਹੀ ਹੈ, ਪਰ ਜਦੋਂ ਕੋਈ ਕਹਾਣੀ ਇਤਿਹਾਸ ਦੇ ਸਫ਼ਿਆਂ ਤੋਂ ਨਿਕਲ ਕੇ ਪਰਦੇ ਉੱਤੇ ਆਉਂਦੀ ਹੈ, ਤਾਂ ਉਸ ਨਾਲ ਕਈ ਸਵਾਲ ਵੀ ਜੁੜ ਜਾਂਦੇ ਹਨ।

ਤਾਰੀਖ਼ ਸੀ - 21 ਫ਼ਰਵਰੀ 1999। 'ਆਪ੍ਰੇਸ਼ਨ ਸਫ਼ੇਦ ਸਾਗਰ' ਵੈੱਬ ਸੀਰੀਜ਼ ਵਿੱਚ ਇੱਕ ਬਹੁਤ ਹੀ ਨਾਟਕੀ ਅਤੇ ਇਤਿਹਾਸਕ ਸੀਨ ਨੂੰ ਦਿਖਾਉਂਦੇ ਹੋਏ ਜੀਵੰਤ ਕੀਤਾ ਗਿਆ ਹੈ।

ਸੀਨ ਅਨੁਸਾਰ, ਲਾਹੌਰ ਦੇ ਗਵਰਨਰ ਹਾਊਸ ਵਿੱਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਇੱਕ ਕਵਿਤਾ ਨਾਲ ਆਪਣਾ ਭਾਸ਼ਣ ਸਮਾਪਤ ਕੀਤਾ। ਇਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਦਾ ਸਮਾਂ ਆਇਆ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅੱਗੇ ਵਧੇ ਅਤੇ ਵਾਜਪਾਈ ਦੇ ਕਦਮ ਨਾਲ ਕਦਮ ਮਿਲਾਉਂਦੇ ਹੋਏ ਉਨ੍ਹਾਂ ਨੂੰ ਫ਼ੌਜ ਮੁਖੀਆਂ ਨਾਲ ਮਿਲਵਾਉਣ ਲੱਗੇ। ਸਭ ਤੋਂ ਪਹਿਲਾਂ ਪਾਕਿਸਤਾਨ ਨੇਵੀ ਦੇ ਮੁਖੀ ਐਡਮਿਰਲ ਫ਼ਸੀਹ ਬੁਖ਼ਾਰੀ ਆਏ।

ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਰਸਮੀ ਸੈਲਿਊਟ ਕੀਤਾ। ਉਨ੍ਹਾਂ ਤੋਂ ਠੀਕ ਬਾਅਦ ਏਅਰ ਚੀਫ਼ ਮਾਰਸ਼ਲ ਪਰਵੇਜ਼ ਮਹਿੰਦੀ ਕੁਰੈਸ਼ੀ ਨੇ ਵੀ ਵਾਜਪੇਈ ਨੂੰ ਸਲਾਮੀ ਦਿੱਤੀ।

ਹੁਣ ਵਾਰੀ ਸੀ ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਦੀ। ਜਿਵੇਂ ਹੀ ਵਾਜਪੇਈ ਉਨ੍ਹਾਂ ਦੇ ਨੇੜੇ ਪਹੁੰਚੇ, ਮੁਸ਼ੱਰਫ ਇੱਕ ਪਲ ਲਈ ਠਹਿਰ ਗਏ। ਕੁਝ ਸਕਿੰਟਾਂ ਦੀ ਉਸ ਭਾਰੀ ਖ਼ਾਮੋਸ਼ੀ ਤੋਂ ਬਾਅਦ, ਬਾਕੀ ਦੋ ਫੌਜ ਮੁਖੀਆਂ ਦੇ ਉਲਟ, ਮੁਸ਼ੱਰਫ ਨੇ ਸਲਾਮੀ ਦੇਣ ਦੀ ਬਜਾਏ ਵਾਜਪੇਈ ਵੱਲ ਹੱਥ ਵਧਾ ਦਿੱਤਾ।

ਵੈੱਬ ਸੀਰੀਜ਼ ਵਿੱਚ ਦਿਖਾਏ ਗਏ ਮੁਸ਼ੱਰਫ ਦੇ ਇਸ ਕਦਮ ਦੇ ਨਾਲ ਨਵਾਜ਼ ਸ਼ਰੀਫ਼ ਦੀ ਝਿਜਕ ਅਤੇ ਵਾਜਪਾਈ ਦੇ ਚਿਹਰੇ ਉੱਤੇ ਆਈ ਗੰਭੀਰਤਾ ਦਰਸ਼ਕ ਸਪਸ਼ਟ ਤੌਰ 'ਤੇ ਮਹਿਸੂਸ ਕਰ ਸਕਦੇ ਹਨ।

ਪਾਕਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1999 ਵਿੱਚ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਉੱਥੋਂ ਦੇ ਤਤਕਾਲੀ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ਼

'ਦਿ ਪ੍ਰਿੰਟ' ਵਿੱਚ 2019 ਵਿੱਚ ਛਪੀ ਇੱਕ ਰਿਪੋਰਟ ਅਨੁਸਾਰ, ਫ਼ਰਵਰੀ 1999 ਵਿੱਚ ਵਾਜਪੇਈ ਦੇ ਲਾਹੌਰ ਪਹੁੰਚਣ 'ਤੇ ਵਾਹਘਾ ਬਾਰਡਰ ਉੱਤੇ ਸਵਾਗਤ ਤਾਂ ਪੂਰੇ ਪ੍ਰੋਟੋਕਾਲ ਨਾਲ ਹੋਇਆ ਸੀ। 21 ਤੋਪਾਂ ਦੀ ਸਲਾਮੀ, ਗਾਰਡ ਆਫ਼ ਆਨਰ ਅਤੇ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਵੀ ਵਜਾਏ ਗਏ, ਪਰ ਪਾਕਿਸਤਾਨ ਦਾ ਕੋਈ ਵੀ ਫੌਜ ਮੁਖੀ ਉੱਥੇ ਮੌਜੂਦ ਨਹੀਂ ਸੀ।

ਲਾਹੌਰ ਜਾਣ ਵਾਲੇ ਭਾਰਤੀ ਵਫ਼ਦ ਵਿੱਚ ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਵੀ ਸ਼ਾਮਲ ਸਨ। ਉਹ ਉਨ੍ਹਾਂ 22 ਲੋਕਾਂ ਵਿੱਚੋਂ ਇੱਕ ਸਨ, ਜੋ ਉਸ ਬੱਸ ਵਿੱਚ ਸਵਾਰ ਸਨ।

ਗਲਫ਼ ਨਿਊਜ਼ ਵਿੱਚ ਲਿਖੇ ਆਪਣੇ ਲੇਖ ਵਿੱਚ ਉਨ੍ਹਾਂ ਨੇ ਦੱਸਿਆ ਕਿ ਇਹ ਮੇਲ-ਮਿਲਾਪ ਇਸ ਲਈ ਨਹੀਂ ਹੋ ਸਕਿਆ ਕਿਉਂਕਿ ਪਾਕਿਸਤਾਨੀ ਫ਼ੌਜ ਇਸ ਦੇ ਖ਼ਿਲਾਫ਼ ਸੀ ਅਤੇ ਇਹ ਗੱਲ ਉਸ ਵੇਲੇ ਸਪਸ਼ਟ ਹੋ ਗਈ ਜਦੋਂ ਪਾਕਿਸਤਾਨ ਦੇ ਤਿੰਨਾਂ ਫੌਜ ਮੁਖੀਆਂ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਸਲਾਮੀ ਦੇਣ ਤੋਂ ਇਨਕਾਰ ਕਰ ਦਿੱਤਾ।

ਬੀਬੀਸੀ ਨੇ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਾਮਿਦ ਮੀਰ ਨਾਲ ਟੈਲੀਫ਼ੋਨ ਉੱਤੇ ਗੱਲਬਾਤ ਕੀਤੀ। ਅਸੀਂ ਉਨ੍ਹਾਂ ਤੋਂ ਜਾਣਨਾ ਚਾਹਿਆ ਕਿ ਕੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਪਾਕਿਸਤਾਨੀ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨੇ ਹੱਥ ਮਿਲਾਇਆ ਸੀ ਜਾਂ ਸੈਲਿਊਟ ਕੀਤਾ ਸੀ।

ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਕਿਉਂਕਿ ਪਾਕਿਸਤਾਨ ਦੇ ਏਅਰਫ਼ੋਰਸ ਅਤੇ ਨੇਵੀ ਚੀਫ਼ ਨੇ ਉਸ ਵੇਲੇ ਵਰਦੀ ਅਤੇ ਕੈਪ ਪਹਿਨੀ ਹੋਈ ਸੀ, ਇਸ ਲਈ ਉਨ੍ਹਾਂ ਨੇ ਵਾਜਪੇਈ ਜੀ ਨੂੰ ਸਲਾਮੀ ਦਿੱਤੀ। ਪਰ ਜਨਰਲ ਪਰਵੇਜ਼ ਮੁਸ਼ੱਰਫ ਨੇ ਵਰਦੀ ਤਾਂ ਪਹਿਨੀ ਹੋਈ ਸੀ, ਪਰ ਕੈਪ ਨਹੀਂ ਸੀ। ਇਸ ਕਰਕੇ ਉਨ੍ਹਾਂ ਨੇ ਸਲਾਮੀ ਦੀ ਬਜਾਏ ਹੱਥ ਮਿਲਾਇਆ।"

ਬੀਬੀਸੀ ਨੇ ਹਾਮਿਦ ਮੀਰ ਨਾਲ ਕੁਲਦੀਪ ਨਈਅਰ ਦੇ ਗਲਫ਼ ਨਿਊਜ਼ ਲੇਖ ਦਾ ਹਵਾਲਾ ਵੀ ਸਾਂਝਾ ਕੀਤਾ। ਉਨ੍ਹਾਂ ਨੇ ਢਾਕਾ ਵਿੱਚ ਕੁਲਦੀਪ ਨਈਅਰ ਨਾਲ ਹੋਈ ਇੱਕ ਮੁਲਾਕਾਤ ਦਾ ਜ਼ਿਕਰ ਕੀਤਾ।

ਹਾਮਿਦ ਮੀਰ ਨੇ ਦੱਸਿਆ, "ਜਦੋਂ ਮੈਂ ਢਾਕਾ ਵਿੱਚ ਨਈਅਰ ਸਾਬ੍ਹ ਨਾਲ ਬੈਠਾ ਸੀ, ਉਦੋਂ ਵੀ ਵਾਜਪਾਈ ਜੀ ਅਤੇ ਮੁਸ਼ੱਰਫ ਦੀ ਮੁਲਾਕਾਤ ਦਾ ਜ਼ਿਕਰ ਹੋਇਆ ਸੀ। ਉੱਥੇ ਮੌਜੂਦ ਇੱਕ ਪੱਤਰਕਾਰ ਨੇ ਇਹੀ ਸਵਾਲ ਪੁੱਛਿਆ ਸੀ। ਇਸ ਦੇ ਜਵਾਬ ਵਿੱਚ ਨਈਅਰ ਸਾਬ੍ਹ ਨੇ ਖ਼ੁਦ ਜਵਾਬ ਦੇਣ ਦੀ ਬਜਾਏ ਮੈਨੂੰ ਕਿਹਾ ਸੀ ਕਿ ਹਾਮਿਦ ਜੀ, ਤੁਸੀਂ ਦੱਸੋ ਕਿ ਉਸ ਵੇਲੇ ਕੀ ਹੋਇਆ ਸੀ।"

ਪਾਕਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1999 ਵਿੱਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ

ਵਾਜਪਾਈ ਨਾਲ ਮੁਸ਼ੱਰਫ ਦੇ ਹੱਥ ਮਿਲਾਉਣ ਬਾਰੇ 'ਆਪ੍ਰੇਸ਼ਨ ਸਫ਼ੇਦ ਸਾਗਰ' ਦੇ ਲੇਖਕ ਨੇ ਕੀ ਕਿਹਾ?

ਬੀਬੀਸੀ ਨੇ ਇਸ ਸਬੰਧ ਵਿੱਚ 'ਆਪ੍ਰੇਸ਼ਨ ਸਫ਼ੇਦ ਸਾਗਰ' ਦੇ ਲੇਖਕ ਸੰਦੀਪ ਜੈਨ ਨਾਲ ਗੱਲਬਾਤ ਕੀਤੀ। ਸੰਦੀਪ ਜੈਨ ਨੇ ਕਿਹਾ, "ਅਸੀਂ ਦਰਸ਼ਕਾਂ ਨੂੰ ਮੁਸ਼ੱਰਫ ਦੀ ਸ਼ਖ਼ਸੀਅਤ ਦਿਖਾਉਣਾ ਚਾਹੁੰਦੇ ਸੀ। ਸਕ੍ਰੀਨਪਲੇ ਹੀ ਅਜਿਹਾ ਮਾਧਿਅਮ ਸੀ ਜਿਸ ਰਾਹੀਂ ਦਰਸ਼ਕ ਅਨੁਭਵ ਕਰ ਸਕਣ ਕਿ ਉਸ ਵੇਲੇ ਮੁਸ਼ੱਰਫ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ।"

ਸੰਦੀਪ ਜੈਨ ਦਾ ਮੰਨਣਾ ਹੈ, "ਅਸਲ ਵਿੱਚ ਵਾਜਪਾਈ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਮੁਸ਼ੱਰਫ ਕਾਰਗਿਲ ਜੰਗ ਦੀ ਪੂਰੀ ਯੋਜਨਾ ਬਣਾ ਚੁੱਕੇ ਸਨ। ਅਜਿਹੇ ਵਿੱਚ ਸਕ੍ਰੀਨਪਲੇ ਹੀ ਉਹ ਮਾਧਿਅਮ ਸੀ, ਜਿਸ ਰਾਹੀਂ ਇਹ ਦਿਖਾਇਆ ਜਾ ਸਕੇ ਕਿ ਮੁਸ਼ੱਰਫ਼ ਖ਼ੁਦ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਘੱਟ ਨਹੀਂ ਸਮਝਦੇ ਸਨ।"

"ਇਸ ਲਈ ਉਸ ਕੈਰੇਕਟਰ ਦੀ ਗੰਭੀਰਤਾ ਨੂੰ ਸਾਹਮਣੇ ਲਿਆਉਣ ਲਈ ਇਹ ਦਿਖਾਇਆ ਗਿਆ ਕਿ ਪਾਕਿਸਤਾਨੀ ਨੇਵੀ ਅਤੇ ਏਅਰਫ਼ੋਰਸ ਮੁਖੀਆਂ ਨੇ ਵਾਜਪੇਈ ਨੂੰ ਸਲਾਮ ਕੀਤਾ ਜਦਕਿ ਮੁਸ਼ੱਰਫ ਨੇ ਹੱਥ ਮਿਲਾਇਆ।"

'ਆਪ੍ਰੇਸ਼ਨ ਸਫ਼ੇਦ ਸਾਗਰ' ਰਿਲੀਜ਼ ਹੋਣ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਕਿ 2001 ਦੇ ਆਗਰਾ ਸ਼ਿਖਰ ਸੰਮੇਲਨ ਦੌਰਾਨ ਤਤਕਾਲੀ ਹਵਾਈ ਫੌਜ ਮੁਖੀ ਏ ਵਾਈ ਟਿਪਨਿਸ ਨੇ ਮੁਸ਼ੱਰਫ਼ ਨੂੰ ਸਲਾਮੀ ਨਾ ਦੇਕੇ ਲਾਹੌਰ ਦਾ "ਬਦਲਾ" ਲਿਆ ਸੀ। ਦਰਅਸਲ ਇਹ ਘਟਨਾ ਆਗਰਾ ਵਿੱਚ ਨਹੀਂ, ਸਗੋਂ 14 ਜੁਲਾਈ 2001 ਨੂੰ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ਹੋਈ ਸੀ।

ਕਾਰਗਿਲ ਜੰਗ ਦੇ ਸਮੇਂ ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਪਰਵੇਜ਼ ਮੁਸ਼ੱਰਫ਼ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਰਗਿਲ ਜੰਗ ਦੇ ਸਮੇਂ ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਪਰਵੇਜ਼ ਮੁਸ਼ੱਰਫ਼ ਸਨ (ਫ਼ਾਈਲ ਫ਼ੋਟੋ

15 ਜੁਲਾਈ 2001 ਨੂੰ 'ਦਿ ਟ੍ਰਿਬਿਊਨ' ਵਿੱਚ ਛਪੀ ਰਿਪੋਰਟ ਮੁਤਾਬਕ, ਟਿਪਨਿਸ ਨੇ ਵਰਦੀ ਵਿੱਚ ਹੋਣ ਦੇ ਬਾਵਜੂਦ ਸਲਾਮੀ ਦੀ ਬਜਾਏ ਹੱਥ ਮਿਲਾਉਣਾ ਚੁਣਿਆ। ਪ੍ਰੋਟੋਕਾਲ ਦੇ ਤਹਿਤ, ਤਿੰਨਾਂ ਫੌਜਾਂ ਦੀ ਨੁਮਾਇੰਦਗੀ ਕਰਨ ਵਾਲੇ ਮੁਖੀ ਕੋਲ ਇਹ ਵਿਕਲਪ ਹੁੰਦਾ ਹੈ ਅਤੇ ਸਰਵਿਸ ਦੇ ਲਿਹਾਜ਼ ਨਾਲ ਮੁਸ਼ੱਰਫ਼ ਟਿਪਨਿਸ ਤੋਂ ਜੂਨੀਅਰ ਸਨ।

ਸਾਲ 2013 ਵਿੱਚ ਡੀਐਨਏ ਅਖ਼ਬਾਰ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਟਿਪਨਿਸ ਨੇ ਖ਼ੁਦ ਕਿਹਾ ਸੀ ਕਿ ਉਨ੍ਹਾਂ ਨੇ "2001 ਵਿੱਚ ਮੁਸ਼ੱਰਫ਼ ਨੂੰ ਸਲਾਮੀ ਇਸ ਲਈ ਨਹੀਂ ਦਿੱਤੀ ਕਿਉਂਕਿ ਪਾਕਿਸਤਾਨੀ ਫ਼ੌਜ ਦਾ ਭਾਰਤੀ ਫੌਜੀਆਂ ਪ੍ਰਤੀ ਰਵੱਈਆ ਹਮੇਸ਼ਾ ਦੁਸ਼ਮਣੀ ਭਰਿਆ ਰਿਹਾ ਹੈ। ਸਲਾਮੀ ਦੇਣਾ ਲਾਜ਼ਮੀ ਨਹੀਂ ਸੀ ਅਤੇ ਮੈਂ ਸ਼ਿਸ਼ਟਾਚਾਰ ਦੇ ਤੌਰ 'ਤੇ ਹੱਥ ਮਿਲਾ ਲਿਆ ਸੀ।"

'ਆਪ੍ਰੇਸ਼ਨ ਸਫ਼ੇਦ ਸਾਗਰ' ਵੈਬ ਸੀਰੀਜ਼ ਵਿੱਚ ਦਿਖਾਇਆ ਗਿਆ ਹੈ ਕਿ ਮੁਸ਼ੱਰਫ ਨੇ ਇਕੱਲੇ ਹੀ ਸਾਰੀ ਯੋਜਨਾ ਬਣਾਈ ਸੀ ਅਤੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪਰ ਕਾਰਗਿਲ ਜੰਗ ਤੋਂ ਬਾਅਦ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਪਰਵੇਜ਼ ਮੁਸ਼ੱਰਫ ਨੇ ਵੱਖ-ਵੱਖ ਬਿਆਨ ਦਿੱਤੇ।

ਸਾਲ 2007 ਵਿੱਚ ਪੱਤਰਕਾਰ ਸ਼ੇਖਰ ਗੁਪਤਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਨਵਾਜ਼ ਸ਼ਰੀਫ਼ ਨੇ ਕਿਹਾ ਕਿ "ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ ਗਿਆ ਸੀ।"

ਪਰਵੇਜ਼ ਮੁਸ਼ੱਰਫ਼ ਅਤੇ ਅਟਲ ਬਿਹਾਰੀ ਵਾਜਪਾਈ (ਫ਼ਾਈਲ ਫ਼ੋਟੋ)

ਤਸਵੀਰ ਸਰੋਤ, JOHN MACDOUGALL/AFP via Getty Images

ਤਸਵੀਰ ਕੈਪਸ਼ਨ, ਪਰਵੇਜ਼ ਮੁਸ਼ੱਰਫ਼ ਅਤੇ ਅਟਲ ਬਿਹਾਰੀ ਵਾਜਪਾਈ (ਫ਼ਾਈਲ ਫ਼ੋਟੋ)

ਜੁਲਾਈ 2006 ਵਿੱਚ ਬਿਜ਼ਨਸ ਪਲੱਸ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਮੁਸ਼ੱਰਫ ਨੇ ਤਸਵੀਰਾਂ ਦਿਖਾ ਕੇ ਦਾਅਵਾ ਕੀਤਾ ਕਿ ਸ਼ਰੀਫ਼ ਨੂੰ ਸਭ ਕੁਝ ਪਤਾ ਸੀ।

ਉਨ੍ਹਾਂ ਨੇ ਚਾਰ ਤਸਵੀਰਾਂ ਪੇਸ਼ ਕੀਤੀਆਂ, ਜੋ 5 ਫ਼ਰਵਰੀ 1999 ਨੂੰ ਕੇਲ (ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ) ਦੇ ਦੌਰੇ ਦੀਆਂ ਸਨ, ਮਤਲਬ ਵਾਜਪੇਈ ਦੇ 19 ਫ਼ਰਵਰੀ ਦੇ ਲਾਹੌਰ ਦੌਰੇ ਤੋਂ ਵੀ ਪਹਿਲਾਂ ਦੀਆਂ।

ਦੂਜੇ ਪਾਸੇ, ਕਾਰਗਿਲ ਵੇਲੇ ਆਈਐਸਆਈ ਦੇ ਲੈਫ਼ਟੀਨੈਂਟ ਜਨਰਲ ਸ਼ਾਹਿਦ ਅਜ਼ੀਜ਼ ਨੇ ਆਪਣੀ ਕਿਤਾਬ 'ਹਾਉ ਲਾਂਗ ਦਿਸ ਸਾਇਲੈਂਸ' ਵਿੱਚ ਲਿਖਿਆ ਕਿ ਮੁਸ਼ੱਰਫ ਨੇ ਇਹ ਆਪ੍ਰੇਸ਼ਨ ਕੁਝ ਹੀ ਅਧਿਕਾਰੀਆਂ ਨਾਲ ਮਿਲ ਕੇ ਕੀਤਾ ਸੀ। ਰਾਜ ਚੇਂਗੱਪਾ ਨੇ 2013 ਵਿੱਚ 'ਦਿ ਟ੍ਰਿਬਿਊਨ' ਵਿੱਚ ਲਿਖਿਆ ਕਿ ਅਜ਼ੀਜ਼ ਦਾ ਇਹ ਦਾਅਵਾ ਕਿ ਪੂਰੀ ਆਈਐਸਆਈ ਤੱਕ ਨੂੰ ਇਸ ਦੀ ਸੂਹ ਨਹੀਂ ਸੀ, ਮੰਨਣਾ ਔਖਾ ਹੈ।

ਕੀ ਕਾਰਗਿਲ ਜੰਗ ਵਿੱਚ ਫੌਜ ਅਤੇ ਹਵਾਈ ਫੌਜ ਵਿਚਕਾਰ ਤਾਲਮੇਲ ਦੀ ਕਮੀ ਸੀ?

ਸੀਨੀਅਰ ਪੱਤਰਕਾਰ ਕੁਲਦੀਪ ਨਈਅਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਤਕਾਲੀ ਪੀਐੱਮ ਨਾਲ ਲਾਹੌਰ ਜਾਣ ਵਾਲੇ ਵਫ਼ਦ ਵਿੱਚ ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਵੀ ਸ਼ਾਮਲ ਸਨ (ਫ਼ਾਈਲ ਫ਼ੋਟੋ)

ਵੈੱਬ ਸੀਰੀਜ਼ ਵਿੱਚ ਦਿਖਾਇਆ ਗਿਆ ਹੈ ਕਿ ਸੰਕਟ ਦੇ ਸਮੇਂ ਜ਼ਮੀਨੀ ਫੌਜ ਅਤੇ ਹਵਾਈ ਫੌਜ ਨੇ ਤੁਰੰਤ ਮਿਲ ਕੇ ਪਾਕਿਸਤਾਨ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਪਰ ਕੀ ਅਸਲ ਵਿੱਚ ਅਜਿਹਾ ਹੋਇਆ ਸੀ?

ਅਕਤੂਬਰ 2006 ਵਿੱਚ 'ਫ਼ੋਰਸ' ਮੈਗਜ਼ੀਨ ਵਿੱਚ (ਜਿਸਨੂੰ 2024 ਵਿੱਚ 'ਦਿ ਵਾਇਰ' ਨੇ ਪ੍ਰਕਾਸ਼ਿਤ ਕੀਤਾ) ਛਾਪੇ ਲੇਖ ਵਿੱਚ ਤਤਕਾਲੀ ਹਵਾਈ ਫੌਜ ਮੁਖੀ ਏ ਵਾਈ ਟਿਪਨਿਸ ਨੇ ਲਿਖਿਆ ਕਿ 10 ਮਈ ਤੋਂ 25 ਮਈ 1999 ਦੇ ਵਿਚਕਾਰ ਥਲ ਸੈਨਾ ਅਤੇ ਹਵਾਈ ਸੈਨਾ ਵਿੱਚ ਗੰਭੀਰ ਮਤਭੇਦ ਸਨ ਅਤੇ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਦੋਹਾਂ ਵਿਚਕਾਰ ਕਿਸੇ ਪੱਧਰ 'ਤੇ ਕੋਈ ਸਾਂਝੀ ਯੋਜਨਾ ਬਣੀ ਹੀ ਨਹੀਂ ਸੀ।

14 ਮਈ ਨੂੰ ਆਰਮੀ ਦੇ ਉਪ-ਮੁਖੀ ਲੈਫ਼ਟੀਨੈਂਟ ਜਨਰਲ ਚੰਦਰਸ਼ੇਖਰ ਨੇ ਏਅਰਫ਼ੋਰਸ ਤੋਂ ਐਮਆਈ-17 ਹੈਲੀਕਾਪਟਰ ਦੀ ਫ਼ਾਇਰ ਸਹਾਇਤਾ ਮੰਗੀ ਅਤੇ ਤਰਕ ਦਿੱਤਾ ਕਿ ਸਰਕਾਰ ਦੀ ਮਨਜ਼ੂਰੀ ਸਿਰਫ਼ ਲੜਾਕੂ ਜਹਾਜ਼ਾਂ ਦੇ ਇਸਤੇਮਾਲ ਲਈ ਜ਼ਰੂਰੀ ਹੈ, ਹੈਲੀਕਾਪਟਰ ਦਾ ਇਸਤੇਮਾਲ ਸਰਵਿਸ ਹੈੱਡਕੁਆਰਟਰਜ਼ ਦਾ ਅੰਦਰੂਨੀ ਫੈਸਲਾ ਹੈ। ਟਿਪਨਿਸ ਮਦਦ ਦੇਣ ਦੇ ਖ਼ਿਲਾਫ਼ ਨਹੀਂ ਸਨ। ਉਹ ਦੋ ਗੱਲਾਂ 'ਤੇ ਅੜੇ ਸਨ - 1. ਮਨਜ਼ੂਰੀ ਸਰਕਾਰ ਕੋਲੋਂ ਆਵੇਗੀ ਅਤੇ 2. ਉਸ ਭੂ-ਖੇਤਰ ਵਿੱਚ ਹਮਲਾਵਰ ਭੂਮਿਕਾ ਵਿੱਚ ਹੈਲੀਕਾਪਟਰ ਸਟਿੰਗਰ ਮਿਜ਼ਾਈਲਾਂ ਦੇ ਸਾਹਮਣੇ "ਬੈਠੇ ਹੋਏ ਸ਼ਿਕਾਰ" ਸਾਬਿਤ ਹੋਣਗੇ।

ਆਖ਼ਿਰਕਾਰ 24 ਮਈ ਨੂੰ ਜਨਰਲ ਵੇਦ ਮਲਿਕ ਨਾਲ ਤਿੱਖੀ ਬਹਿਸ ਤੋਂ ਬਾਅਦ ਉਹ ਸਹਿਮਤ ਹੋਏ ਅਤੇ 25 ਮਈ ਨੂੰ ਪ੍ਰਧਾਨ ਮੰਤਰੀ ਵਾਜਪਾਈ ਦੀ ਮਨਜ਼ੂਰੀ ਤੋਂ ਬਾਅਦ 26 ਮਈ ਤੋਂ ਆਪ੍ਰੇਸ਼ਨ ਸ਼ੁਰੂ ਹੋਇਆ। 28 ਮਈ ਨੂੰ ਇੱਕ ਐਮਆਈ-17 ਸਟਿੰਗਰ ਮਿਜ਼ਾਈਲ ਨਾਲ ਡੇਗ ਦਿੱਤਾ ਗਿਆ ਅਤੇ ਚਾਰ ਹਵਾਈ ਫੌਜ ਦੇ ਜਵਾਨ ਮਾਰੇ ਗਏ।

ਅਕਤੂਬਰ 2006 ਦੀ 'ਦਿ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ, ਟਿਪਨਿਸ ਦੇ ਇਸ ਲੇਖ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਆਰਮੀ ਸਰਕਾਰ ਨੂੰ ਘੁਸਪੈਠ ਦੀ ਗੰਭੀਰਤਾ ਦੱਸਣ ਵਿੱਚ ਝਿਜਕ ਰਹੀ ਸੀ। ਜਵਾਬ ਵਿੱਚ ਜਨਰਲ ਵੀਪੀ ਮਲਿਕ ਨੇ ਟਿਪਨਿਸ ਦਾ 7 ਜੁਲਾਈ 1999 ਦਾ ਇੱਕ ਪੱਤਰ ਜਨਤਕ ਕੀਤਾ, ਜਿਸ ਵਿੱਚ ਟਿਪਨਿਸ ਨੇ ਕਾਰਗਿਲ ਵਿੱਚ ਫੌਜੀਆਂ ਦੀ ਦਲੇਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਸੀ।

ਮਲਿਕ ਨੇ ਆਪਣੀ ਕਿਤਾਬ, 'ਕਾਰਗਿਲ: ਫ੍ਰਾਮ ਸਰਪ੍ਰਾਈਜ਼ ਟੂ ਵਿਕਟ੍ਰੀ' ਵਿੱਚ ਆਪਣਾ ਪੱਖ ਵਿਸਥਾਰ ਨਾਲ ਰੱਖਿਆ ਹੈ। ਟ੍ਰਿਬਿਊਨ ਦੀ ਉਸੇ ਰਿਪੋਰਟ ਵਿੱਚ ਟਿਪਨਿਸ ਨੇ ਇਹ ਵੀ ਕਿਹਾ ਸੀ ਕਿ ਵਿਚਾਰਾਂ ਦੇ ਇਨ੍ਹਾਂ ਮਤਭੇਦਾਂ ਦਾ ਆਪ੍ਰੇਸ਼ਨ 'ਤੇ ਕੋਈ ਪ੍ਰਭਾਵ ਨਹੀਂ ਪਿਆ।

ਬੀਬੀਸੀ ਨਾਲ ਗੱਲਬਾਤ ਵਿੱਚ ਰੱਖਿਆ ਮਾਹਿਰ ਰਾਹੁਲ ਬੇਦੀ ਦੱਸਦੇ ਹਨ, "ਕਾਰਗਿਲ ਜੰਗ ਦੌਰਾਨ ਥਲ ਫੌਜ ਅਤੇ ਹਵਾਈ ਫੌਜ ਨੂੰ ਸਾਂਝੇ ਆਪ੍ਰੇਸ਼ਨ ਚਲਾਉਣ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਜਦਕਿ ਇਹ ਸਮੱਸਿਆ ਅੱਜ ਤੱਕ ਚੱਲੀ ਆ ਰਹੀ ਹੈ।''

ਉਨ੍ਹਾਂ ਨੇ ਕਾਰਗਿਲ ਜੰਗ ਨੂੰ 'ਇੰਟੈਲੀਜੈਂਸ ਫੇਲੀਅਰ' ਦੱਸਿਆ।

ਉਨ੍ਹਾਂ ਦਾ ਦਾਅਵਾ ਹੈ ਕਿ "ਵਾਜਪੇਈ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਪਾਕਿਸਤਾਨੀ ਫ਼ੌਜ ਦੀਆਂ ਟੁਕੜੀਆਂ ਐਲਓਸੀ ਪਾਰ ਕਰਨਾ ਸ਼ੁਰੂ ਕਰ ਚੁੱਕੀਆਂ ਸਨ, ਕਿਉਂਕਿ ਸਰਦੀਆਂ ਵਿੱਚ ਭਾਰਤੀ ਫ਼ੌਜ ਉੱਚੀਆਂ ਪਹਾੜੀਆਂ ਤੋਂ ਹੇਠਾਂ ਆ ਜਾਂਦੀ ਸੀ।"

ਉਨ੍ਹਾਂ ਦੇ ਅਨੁਸਾਰ, "ਜੇ ਖੁਫ਼ੀਆ ਏਜੰਸੀਆਂ ਤੋਂ ਸਮੇਂ ਸਿਰ ਜਾਣਕਾਰੀ ਮਿਲ ਜਾਂਦੀ ਤਾਂ ਇਹ ਜੰਗ ਟਾਲੀ ਜਾ ਸਕਦੀ ਸੀ।"

ਟਾਈਗਰ ਹਿੱਲ

ਤਸਵੀਰ ਸਰੋਤ, Nasir Kachroo/NurPhoto via Getty Images

ਤਸਵੀਰ ਕੈਪਸ਼ਨ, ਟਾਈਗਰ ਹਿੱਲ

17ਵੀਂ ਸਕੁਆਡਰਨ 'ਗੋਲਡਨ ਐਰੋਜ਼' ਦੀ ਅਸਲ ਭੂਮਿਕਾ ਕੀ ਸੀ?

'ਆਪ੍ਰੇਸ਼ਨ ਸਫ਼ੇਦ ਸਾਗਰ' ਵਿੱਚ ਗੋਲਡਨ ਐਰੋਜ਼ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਇਸ ਸਕੁਆਡਰਨ ਨੇ ਪਤਾ ਲਗਾਇਆ ਕਿ ਪਹਾੜੀ ਦੀਆਂ ਉੱਚੀਆਂ ਚੋਟੀਆਂ 'ਤੇ ਦੁਸ਼ਮਣ ਘੁਸਪੈਠ ਕਰ ਚੁੱਕੇ ਸਨ।

ਗੋਲਡਨ ਐਰੋਜ਼ ਮੁੱਖ ਤੌਰ 'ਤੇ ਇੱਕ ਟੋਹੀ ਸਕੁਆਡਰਨ ਸੀ। ਕਾਰਗਿਲ ਜੰਗ ਦੌਰਾਨ ਸਾਬਕਾ ਹਵਾਈ ਫੌਜ ਮੁਖੀ ਬੀ ਐਸ ਧਨੋਆ 17ਵੀਂ ਸਕੁਆਡਰਨ ਦੇ ਕਮਾਂਡਿੰਗ ਅਫ਼ਸਰ ਸਨ।

ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ, "ਆਪ੍ਰੇਸ਼ਨ ਸਫ਼ੇਦ ਸਾਗਰ ਦਾ ਪਹਿਲਾ ਮਿਸ਼ਨ ਗੋਲਡਨ ਐਰੋਜ਼ ਨੇ ਹੀ ਕੀਤਾ ਸੀ।"

"ਉਸ ਵੇਲੇ ਏਅਰ ਚੀਫ਼ ਮਾਰਸ਼ਲ ਟਿਪਨਿਸ ਹਵਾਈ ਫੌਜ ਦੇ ਮੁਖੀ ਸਨ। ਉਨ੍ਹਾਂ ਨੇ ਪੂਰੀ ਏਅਰਫ਼ੋਰਸ ਨੂੰ ਐਲਰਟ 'ਤੇ ਰਹਿਣ ਦਾ ਹੁਕਮ ਦਿੱਤਾ ਸੀ।"

ਬੀ ਐਸ ਧਨੋਆ ਦੱਸਦੇ ਹਨ, "ਸਾਡੇ ਸਕੁਆਡਰਨ ਦੀ ਭੂਮਿਕਾ ਰੀਕਾਨਸੈਂਸ, ਅਰਥਾਤ ਤਸਵੀਰਾਂ ਖਿੱਚਣ ਦੀ ਸੀ। ਫਿਰ ਬਾਅਦ ਵਿੱਚ ਸਕੁਆਡਰਨ ਲੀਡਰ ਅਜੈ ਆਹੂਜਾ ਅਤੇ ਫ਼ਲਾਈਟ ਲੈਫ਼ਟੀਨੈਂਟ ਕੇ ਨਚਿਕੇਤਾ ਦੀ ਦੁਰਘਟਨਾ ਤੋਂ ਬਾਅਦ ਅਸੀਂ ਬੇਨਤੀ ਕੀਤੀ ਕਿ ਸਾਨੂੰ ਬੰਬਬਾਰੀ ਦੀ ਭੂਮਿਕਾ ਦਿੱਤੀ ਜਾਵੇ।"

"ਬਾਅਦ ਵਿੱਚ ਸਾਡੇ ਸਕੁਆਡਰਨ ਦੇ ਛੇ ਜਹਾਜ਼ਾਂ ਨੂੰ ਬੰਬਬਾਰੀ ਦੀ ਭੂਮਿਕਾ ਦਿੱਤੀ ਗਈ। ਇਹੀ ਸਕੁਆਡਰਨ ਹੈ ਜੋ ਰਾਫ਼ੇਲ ਉਡਾ ਰਹੀ ਹੈ।"

ਸਕੁਆਡਰਨ ਲੀਡਰ ਅਜੈ ਆਹੂਜਾ ਦੀ ਮੌਤ ਕਿਵੇਂ ਹੋਈ ਸੀ?

ਭਾਰਤੀ ਹਵਾਈ ਸੈਨਾ ਦੇ ਸਕੁਐਡਰਨ ਲੀਡਰ ਅਜੈ ਆਹੂਜਾ ਦੀ ਮ੍ਰਿਤਕ ਦੇਹ 30 ਮਈ, 1999 ਨੂੰ ਸ੍ਰੀਨਗਰ ਹਵਾਈ ਅੱਡੇ ’ਤੇ ਲਿਆਂਦੀ ਗਈ

ਤਸਵੀਰ ਸਰੋਤ, MUSTAFA TAUSEEF/AFP via Getty Images

ਤਸਵੀਰ ਕੈਪਸ਼ਨ, ਭਾਰਤੀ ਹਵਾਈ ਸੈਨਾ ਦੇ ਸਕੁਐਡਰਨ ਲੀਡਰ ਅਜੈ ਆਹੂਜਾ ਦੀ ਮ੍ਰਿਤਕ ਦੇਹ 30 ਮਈ, 1999 ਨੂੰ ਸ੍ਰੀਨਗਰ ਹਵਾਈ ਅੱਡੇ 'ਤੇ ਲਿਆਂਦੀ ਗਈ

ਕਾਰਗਿਲ ਜੰਗ ਦੌਰਾਨ ਫ਼ਲਾਈਟ ਲੈਫ਼ਟੀਨੈਂਟ ਕੇ ਨਚਿਕੇਤਾ ਦੇ ਜਹਾਜ਼ ਦਾ ਇੰਜਣ ਬੰਦ ਹੋਣ ਕਾਰਨ ਉਹ ਕ੍ਰੈਸ਼ ਹੋ ਗਿਆ ਸੀ। ਇਸਤੋਂ ਬਾਅਦ ਹਾਦਸਾਗ੍ਰਸਤ ਜਹਾਜ਼ ਦੀ ਭਾਲ਼ ਲਈ ਨਿਕਲੇ ਸਕੁਆਡਰਨ ਲੀਡਰ ਅਜੈ ਆਹੂਜਾ ਦੇ ਜਹਾਜ਼ ਨੂੰ ਉੱਚੀਆਂ ਪਹਾੜੀਆਂ 'ਤੇ ਮੌਜੂਦ ਪਾਕਿਸਤਾਨੀ ਫੌਜੀਆਂ ਨੇ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਸੀ।

ਫਾਈਟਰ ਜੈੱਟ 'ਤੇ ਮਿਜ਼ਾਈਲ ਲੱਗਣ ਨਾਲ ਅਜੈ ਆਹੂਜਾ ਦਾ ਜਹਾਜ਼ ਡਿੱਗ ਗਿਆ। ਟਿਪਨਿਸ ਲਿਖਦੇ ਹਨ, "ਇਜੈਕਸ਼ਨ ਸੀਟ ਨੇ ਉਨ੍ਹਾਂ ਨੂੰ ਦੂਜੀ ਜ਼ਿੰਦਗੀ ਦੇ ਦਿੱਤੀ ਸੀ, ਪਰ ਦੁਸ਼ਮਣ ਦੀ ਬਰਬਰਤਾ ਤੋਂ ਬਚਣ ਲਈ ਤੀਜੀ ਚਾਹੀਦੀ ਸੀ।"

ਟਿਪਨਿਸ ਦੇ ਮੁਤਾਬਕ,"ਜਹਾਜ਼ ਤੋਂ ਸੁਰੱਖਿਅਤ ਬਾਹਰ ਨਿੱਕਲਣ ਤੋਂ ਬਾਅਦ ਪਾਕਿਸਤਾਨ ਨੇ ਸਕੁਆਡਰਨ ਲੀਡਰ ਅਜੈ ਆਹੂਜਾ ਨੂੰ ਬੰਦੀ ਬਣਾ ਲਿਆ ਸੀ।"

ਭਾਰਤ ਦੀ ਅਧਿਕਾਰਤ ਪੋਸਟਮਾਰਟਮ ਰਿਪੋਰਟ ਮੁਤਾਬਕ, ਜ਼ਮੀਨ 'ਤੇ ਉਤਰਣ ਤੋਂ ਬਾਅਦ ਪਾਕਿਸਤਾਨੀ ਫੌਜੀਆਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਇਹ ਕਾਰਗਿਲ ਜੰਗ 'ਚ ਹੋਈਆਂ ਘਟਨਾਵਾਂ ਵਿੱਚੋਂ ਸਭ ਤੋਂ ਵੱਧ ਦਰਦਨਾਕ ਸੀ।

ਕੋਈ ਵੀ ਵੈੱਬ ਸੀਰੀਜ਼ ਪੂਰੀ ਤਰ੍ਹਾਂ ਇਤਿਹਾਸ ਦੀ ਕਿਤਾਬ ਨਹੀਂ ਹੋ ਸਕਦੀ। ਦਰਸ਼ਕਾਂ ਨੂੰ ਜੋੜ ਕੇ ਰੱਖਣ ਲਈ ਉਸ ਵਿੱਚ ਕੁਝ ਨਾਟਕੀਅਤਾ, ਕੁਝ ਭਾਵਨਾਵਾਂ ਅਤੇ ਸਮੇਂ ਦੇ ਅਨੁਸਾਰ ਤੁਲਨਾਤਮਕ ਪੇਸ਼ਕਾਰੀ ਕਰਨੀ ਪੈਂਦੀ ਹੈ।

'ਆਪ੍ਰੇਸ਼ਨ ਸਫ਼ੇਦ ਸਾਗਰ' ਨੇ ਉਨ੍ਹਾਂ ਪਾਇਲਟਾਂ, ਉਨ੍ਹਾਂ ਜਹਾਜ਼ਾਂ ਅਤੇ ਉਨ੍ਹਾਂ ਘਟਨਾਵਾਂ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ, ਜਿਨ੍ਹਾਂ ਦਾ ਜ਼ਿਕਰ ਅਕਸਰ ਸਿਰਫ਼ ਫ਼ਾਈਲਾਂ ਜਾਂ ਫ਼ੌਜੀ ਜਰਨਲਾਂ ਵਿੱਚ ਹੀ ਹੁੰਦਾ ਸੀ।

ਕਾਰਗਿਲ ਵਿੱਚ ਕੀ ਹੋਇਆ ਸੀ?

26 ਮਈ, 1999 ਨੂੰ ਕਸ਼ਮੀਰ ਦੇ ਦ੍ਰਾਸ ਪਿੰਡ ਵਿੱਚ ਇੱਕ ਭਾਰਤੀ ਸੈਨਿਕ ਤੋਪ ਨੂੰ ਨਿਸ਼ਾਨਾ ਬਣਾਉਣ ਲਈ ਉਸ ਦੀ ਦਿਸ਼ਾ ਤੈਅ ਕਰਦਾ ਹੋਇਆ (ਫ਼ਾਈਲ ਫ਼ੋਟੋ)

ਤਸਵੀਰ ਸਰੋਤ, MUSTAFA TAUSEEF/AFP via Getty Images

ਤਸਵੀਰ ਕੈਪਸ਼ਨ, 26 ਮਈ, 1999 ਨੂੰ ਕਸ਼ਮੀਰ ਦੇ ਦ੍ਰਾਸ ਪਿੰਡ ਵਿੱਚ ਇੱਕ ਭਾਰਤੀ ਫੌਜੀ ਨਿਸ਼ਾਨਾ ਲਾਉਣ ਲਈ ਤੋਪ ਦੀ ਦਿਸ਼ਾ ਤੈਅ ਕਰਦਾ ਹੋਇਆ (ਫ਼ਾਈਲ ਫ਼ੋਟੋ)

ਮਈ 1999 ਵਿੱਚ ਕਾਰਗਿਲ ਦੀਆਂ ਪਹਾੜੀਆਂ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੜਾਈ ਹੋਈ ਸੀ। ਇਸ ਲੜਾਈ ਦੀ ਸ਼ੁਰੂਆਤ ਉਦੋਂ ਹੋਈ ਸੀ, ਜਦੋਂ ਪਾਕਿਸਤਾਨੀ ਫੌਜੀਆਂ ਨੇ ਕਾਰਗਿਲ ਦੀਆਂ ਉੱਚੀਆਂ ਪਹਾੜੀਆਂ 'ਤੇ ਘੁਸਪੈਠ ਕਰਕੇ ਆਪਣੇ ਟਿਕਾਣੇ ਬਣਾ ਲਏ ਸਨ।

ਇਹ ਲੜਾਈ ਕਰੀਬ 100 ਕਿਲੋਮੀਟਰ ਦੇ ਦਾਇਰੇ ਵਿੱਚ ਲੜੀ ਗਈ, ਜਿੱਥੇ ਲਗਭਗ 1700 ਪਾਕਿਸਤਾਨੀ ਫੌਜੀ ਭਾਰਤੀ ਸਰਹੱਦ ਦੇ ਕਰੀਬ 8 ਜਾਂ 9 ਕਿਲੋਮੀਟਰ ਅੰਦਰ ਵੜ ਆਏ ਸਨ। ਇਸ ਪੂਰੇ ਆਪ੍ਰੇਸ਼ਨ ਵਿੱਚ ਭਾਰਤ ਦੇ 527 ਫੌਜੀ ਮਾਰੇ ਗਏ ਅਤੇ 1363 ਜਵਾਨ ਜ਼ਖ਼ਮੀ ਹੋਏ।

ਸ਼ੁਰੂ ਵਿੱਚ ਭਾਰਤ ਨੂੰ ਆਪਣੇ ਦੋ ਮਿਗ ਜਹਾਜ਼ ਅਤੇ ਇੱਕ ਹੈਲੀਕਾਪਟਰ ਗੁਆਉਣਾ ਪਿਆ, ਪਰ ਭਾਰਤੀ ਹਵਾਈ ਫੌਜ ਅਤੇ ਬੋਫ਼ੋਰਸ ਤੋਪਾਂ ਨੇ ਵਾਰ-ਵਾਰ ਅਤੇ ਬੁਰੀ ਤਰ੍ਹਾਂ ਨਾਲ ਪਾਕਿਸਤਾਨੀ ਟਿਕਾਣਿਆਂ ਨੂੰ 'ਹਿੱਟ' ਕੀਤਾ।

ਨਸੀਮ ਜ਼ੇਹਰਾ ਆਪਣੀ ਕਿਤਾਬ 'ਫ਼੍ਰੌਮ ਕਾਰਗਿਲ ਟੂ ਦਿ ਕੂ' ਵਿੱਚ ਲਿਖਦੇ ਹਨ ਕਿ 'ਇਹ ਹਮਲੇ ਇੰਨੇ ਭਿਆਨਕ ਅਤੇ ਸਟੀਕ ਸਨ ਕਿ ਉਨ੍ਹਾਂ ਨੇ ਪਾਕਿਸਤਾਨੀ ਚੌਕੀਆਂ ਦਾ 'ਚੂਰਾ' ਬਣਾ ਦਿੱਤਾ। ਪਾਕਿਸਤਾਨੀ ਫੌਜੀ ਬਿਨਾਂ ਕਿਸੇ ਰਸਦ ਦੇ ਲੜ ਰਹੇ ਸਨ ਅਤੇ ਬੰਦੂਕਾਂ ਦੀ ਢੰਗ ਨਾਲ ਸਾਂਭ-ਸੰਭਾਲ ਨਾ ਹੋਣ ਕਾਰਨ ਉਹ ਸਿਰਫ਼ ਸੋਟੀਆਂ ਤੋਂ ਵੱਧ ਕੁਝ ਨਹੀਂ ਰਹਿ ਗਈਆਂ ਸਨ।''

ਭਾਰਤੀਆਂ ਨੇ ਖ਼ੁਦ ਸਵੀਕਾਰ ਕੀਤਾ ਕਿ ਇੱਕ ਛੋਟੇ ਜਿਹੇ ਇਲਾਕੇ 'ਤੇ ਸੈਂਕੜੇ ਤੋਪਾਂ ਦੀ ਗੋਲੇਬਾਰੀ ਉਸੇ ਤਰ੍ਹਾਂ ਸੀ, ਜਿਵੇਂ ਕਿਸੇ ਅਖ਼ਰੋਟ ਨੂੰ ਕਿਸੇ ਵੱਡੇ ਹਥੌੜੇ ਨਾਲ ਤੋੜਿਆ ਜਾ ਰਿਹਾ ਹੋਵੇ।

ਕਾਰਗਿਲ ਦੀ ਲੜਾਈ ਵਿੱਚ ਕਮਾਂਡਰ ਰਹੇ ਲੈਫ਼ਟੀਨੈਂਟ ਜਨਰਲ ਮੋਹਿੰਦਰ ਪੁਰੀ ਦਾ ਮੰਨਣਾ ਹੈ ਕਿ ਕਾਰਗਿਲ ਵਿੱਚ ਹਵਾਈ ਫੌਜ ਦੀ ਸਭ ਤੋਂ ਵੱਡੀ ਭੂਮਿਕਾ ਮਨੋਵਿਗਿਆਨਕ ਸੀ। ਜਿਵੇਂ ਹੀ ਉੱਪਰੋਂ ਭਾਰਤੀ ਜੈੱਟਾਂ ਦੀ ਆਵਾਜ਼ ਸੁਣਾਈ ਦਿੰਦੀ, ਪਾਕਿਸਤਾਨੀ ਫੌਜੀ ਦਹਿਲ ਜਾਂਦੇ ਅਤੇ ਇੱਧਰ-ਉੱਧਰ ਭੱਜਣ ਲੱਗਦੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)