ਖਜੂਰਾਂ ਦੀ ਖੇਤੀ ਕਰਕੇ ਫਾਜ਼ਿਲਕਾ ਦੇ ਇਸ ਕਿਸਾਨ ਨੂੰ ਕਿੰਨਾਂ ਮੁਨਾਫਾ ਹੋਇਆ ਤੇ ਕੀ ਰਹੀਆਂ ਚੁਣੌਤੀਆਂ, ਪੰਜਾਬ ਵਿੱਚ ਖਜੂਰਾਂ ਦੀ ਖੇਤੀ ਕਿੰਨੀਂ ਲਾਹੇਵੰਦ

- ਲੇਖਕ, ਕੁਲਦੀਪ ਬਰਾੜ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਪੰਜਾਬ ਵਿੱਚ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਤਾਂ ਲਗਾਤਾਰ ਹੋ ਰਹੀਆਂ ਹਨ, ਪਰ ਫਾਜ਼ਿਲਕਾ ਦੇ ਕਿਸਾਨ ਹਰਪ੍ਰੀਤ ਸਿੰਘ ਬਰਾੜ ਨੇ ਆਪਣੇ ਖੇਤ ਵਿੱਚ ਇੱਕ ਅਜਿਹਾ ਤਜਰਬਾ ਕੀਤਾ ਹੈ, ਜਿਸ ਵਿੱਚ ਘੱਟ ਪਾਣੀ ਵਾਲੀ ਫ਼ਸਲ ਦੇ ਨਾਲ ਵੱਧ ਆਮਦਨ ਦੀ ਸੰਭਾਵਨਾ ਨਜ਼ਰ ਆਉਂਦੀ ਹੈ।
ਮੁਹਾਲੀ ਵਿਖੇ ਰਹਿੰਦੇ ਹਰਪ੍ਰੀਤ ਬਰਾੜ ਨੇ ਪਿੰਡ ਖਿੱਪਾਂਵਾਲੀ ਵਿੱਚ ਸਾਲ 2011 ਵਿੱਚ ਸਿਰਫ਼ 20 ਖਜੂਰ ਦੇ ਬੂਟਿਆਂ ਨਾਲ ਖੇਤੀ ਸ਼ੁਰੂ ਕੀਤੀ ਸੀ।
ਇਨ੍ਹਾਂ ਬੂਟਿਆਂ ਤੋਂ ਪੂਰੀ ਪੈਦਾਵਾਰ ਮਿਲਣ ਤੋਂ ਬਾਅਦ ਉਨ੍ਹਾਂ ਨੇ ਸਾਢੇ 4 ਏਕੜ ਵਿੱਚ ਖਜੂਰਾਂ ਦਾ ਬਾਗ਼ ਲਾਇਆ ਅਤੇ ਸਾਲ 2021 ਵਿੱਚ ਸਾਢੇ 3 ਏਕੜ ਹੋਰ ਰਕਬਾ ਇਸ ਖੇਤੀ ਹੇਠ ਲੈ ਆਏ। ਹੁਣ ਉਹ ਕੁੱਲ ਸਾਢੇ 7 ਏਕੜ ਵਿੱਚ ਖਜੂਰਾਂ ਦੀ ਖੇਤੀ ਕਰ ਰਹੇ ਹਨ।
ਹਰਪ੍ਰੀਤ ਬਰਾੜ ਦਾ ਦਾਅਵਾ ਹੈ ਕਿ ਉਹ ਪੰਜਾਬ ਦੇ ਇਕਲੌਤੇ ਕਿਸਾਨ ਹਨ ਜੋ ਇਸ ਪੱਧਰ 'ਤੇ ਖਜੂਰਾਂ ਦੀ ਖੇਤੀ ਕਰ ਰਹੇ ਹਨ। ਉਨ੍ਹਾਂ ਨੇ ਜੋਧਪੁਰ ਤੋਂ ਇੱਕ ਨਾਮੀ ਕੰਪਨੀ ਵੱਲੋਂ ਟਿਸ਼ੂ ਕਲਚਰ ਰਾਹੀਂ ਤਿਆਰ ਕੀਤੀ 'ਬਰੀ' ਕਿਸਮ ਦੇ ਬੂਟੇ ਲਿਆਂਦੇ ਸਨ। ਉਨ੍ਹਾਂ ਮੁਤਾਬਕ ਇਹ ਖਜੂਰ ਖਾਣ ਵਿੱਚ ਸਵਾਦ ਹੁੰਦੀ ਹੈ ਅਤੇ ਗੱਲ ਨਹੀਂ ਫੜਦੀ।
20 ਬੂਟਿਆਂ ਤੋਂ ਸਾਢੇ 7 ਏਕੜ ਤੱਕ ਦਾ ਸਫ਼ਰ
ਹਰਪ੍ਰੀਤ ਬਰਾੜ ਲਈ ਖਜੂਰ ਦੀ ਖੇਤੀ ਕਿਸੇ ਯੋਜਨਾ ਤਹਿਤ ਵੱਡੇ ਪੱਧਰ 'ਤੇ ਸ਼ੁਰੂ ਕੀਤਾ ਗਿਆ ਕੰਮ ਨਹੀਂ ਸੀ।
ਉਨ੍ਹਾਂ ਨੇ ਪਹਿਲਾਂ ਸਿਰਫ਼ 20 ਬੂਟੇ ਲਗਾ ਕੇ ਇਸ ਦਾ ਤਜਰਬਾ ਕੀਤਾ। ਜਦੋਂ ਬੂਟਿਆਂ ਨੇ ਪੂਰਾ ਫਲ ਦੇਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਭਰੋਸਾ ਵਧਿਆ ਅਤੇ ਰਕਬਾ ਵਧਾਉਂਦੇ ਗਏ।
ਉਹ ਦੱਸਦੇ ਹਨ, "ਸਭ ਤੋਂ ਪਹਿਲਾਂ ਮੇਰੇ ਵੱਲੋਂ 2011 ਵਿੱਚ 20 ਬੂਟੇ ਲਗਾਏ ਗਏ ਸਨ। ਜਦੋਂ ਉਨ੍ਹਾਂ ਬੂਟਿਆਂ ਵੱਲੋਂ ਪੂਰਾ ਫਲ ਦਿੱਤਾ ਗਿਆ ਤਾਂ ਫਿਰ ਮੇਰੇ ਵੱਲੋਂ ਸਾਢੇ 4 ਏਕੜ ਖਜੂਰਾਂ ਦੀ ਖੇਤੀ ਕੀਤੀ ਗਈ। ਉਸ ਤੋਂ ਬਾਅਦ 2021 ਵਿੱਚ ਸਾਢੇ 3 ਏਕੜ ਹੋਰ ਖਜੂਰਾਂ ਦੀ ਖੇਤੀ ਕੀਤੀ ਗਈ।"
ਖਜੂਰ ਦੇ ਇੱਕ ਬੂਟੇ ਦੀ ਕੀਮਤ ਕਰੀਬ 5 ਹਜ਼ਾਰ ਰੁਪਏ ਹੈ। ਪਰ ਇਸ 'ਤੇ ਮਿਲਦੀ ਸਬਸਿਡੀ ਬਹੁਤ ਮਦਦਗਾਰ ਹੋ ਜਾਂਦੀ ਹੈ।
ਇੱਕ ਏਕੜ ਵਿੱਚ 72 ਬੂਟੇ ਲਗਾਏ ਜਾਂਦੇ ਹਨ ਅਤੇ ਇੱਕ ਬੂਟੇ ਤੋਂ ਦੂਜੇ ਬੂਟੇ ਦੀ ਦੂਰੀ 25 ਫੁੱਟ ਰੱਖੀ ਜਾਂਦੀ ਹੈ। ਬਰਾੜ ਮੁਤਾਬਕ ਬੂਟਿਆਂ ਦੀ ਉਮਰ ਜ਼ਿਆਦਾ ਹੁੰਦੀ ਹੈ, ਇਸ ਲਈ ਉਨ੍ਹਾਂ ਵਿਚਕਾਰ ਹਵਾ ਅਤੇ ਧੁੱਪ ਦੀ ਸਹੀ ਆਵਾਜਾਈ ਹੋਣੀ ਜ਼ਰੂਰੀ ਹੈ। ਜੇ ਹਵਾ ਅਤੇ ਧੁੱਪ ਦੀ ਕਰਾਸਿੰਗ ਨਾ ਹੋਵੇ ਤਾਂ ਫਲ ਦੀ ਕੁਆਲਿਟੀ ਘੱਟ ਹੋ ਸਕਦੀ ਹੈ।
ਹਰਪ੍ਰੀਤ ਬਰਾੜ ਮੁਤਾਬਕ ਇੱਕ ਬੂਟਾ ਡੇਢ ਤੋਂ ਦੋ ਕੁਇੰਟਲ ਤੱਕ ਖਜੂਰ ਦੀ ਪੈਦਾਵਾਰ ਦੇ ਸਕਦਾ ਹੈ।
ਪਰ ਇਸ ਪੈਦਾਵਾਰ ਲਈ ਸਿਰਫ਼ ਬੂਟਾ ਲਗਾ ਦੇਣਾ ਕਾਫ਼ੀ ਨਹੀਂ। ਖਜੂਰ ਦੀ ਖੇਤੀ ਵਿੱਚ ਨਰ ਅਤੇ ਮਾਦਾ ਬੂਟਿਆਂ ਦੀ ਪਛਾਣ ਅਤੇ ਪੋਲੀਨੇਸ਼ਨ ਸਭ ਤੋਂ ਅਹਿਮ ਕੰਮਾਂ ਵਿੱਚੋਂ ਇੱਕ ਹੈ।

ਨਰ-ਮਾਦਾ ਬੂਟੇ, ਪੋਲੀਨੇਸ਼ਨ ਤੋਂ ਬਿਨਾਂ ਫਲ ਨਹੀਂ
ਖਜੂਰ ਦੇ ਬੂਟਿਆਂ ਵਿੱਚ ਨਰ ਅਤੇ ਮਾਦਾ ਵੱਖ-ਵੱਖ ਹੁੰਦੇ ਹਨ। ਫਲ ਸਿਰਫ਼ ਮਾਦਾ ਬੂਟੇ 'ਤੇ ਲੱਗਦਾ ਹੈ, ਪਰ ਮਾਦਾ ਬੂਟੇ ਨੂੰ ਫਲ ਦੇਣ ਲਈ ਨਰ ਬੂਟੇ ਦੇ ਪਾਊਡਰ ਨਾਲ ਪੋਲੀਨੇਸ਼ਨ ਕਰਨੀ ਪੈਂਦੀ ਹੈ।
ਹਰਪ੍ਰੀਤ ਬਰਾੜ ਦੱਸਦੇ ਹਨ, "ਨਰ ਬੂਟੇ ਦੇ ਸਿੱਟੇ ਵਿੱਚੋਂ ਪਾਊਡਰ ਕੱਢ ਕੇ ਸੰਭਾਲਿਆ ਜਾਂਦਾ ਹੈ। ਜਦੋਂ ਮਾਦਾ ਬੂਟੇ 'ਤੇ ਗੁੱਛੇ ਨਿਕਲਣ ਲੱਗਦੇ ਹਨ ਤਾਂ ਉਨ੍ਹਾਂ ਦੀ ਹਰ ਰੋਜ਼ ਨਿਗਰਾਨੀ ਕਰਨੀ ਪੈਂਦੀ ਹੈ।"
"ਜਦੋਂ ਗੁੱਛਾ ਲਗਭਗ ਇੱਕ ਇੰਚ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਪਾੜ ਕੇ ਉਸ ਉੱਪਰ ਨਰ ਬੂਟੇ ਦਾ ਪਾਊਡਰ ਪਾਇਆ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਪੋਲੀਨੇਸ਼ਨ ਕਿਹਾ ਜਾਂਦਾ ਹੈ।"
ਉਹ ਅੱਗੇ ਦੱਸਦੇ ਹਨ ਹਨ ਇਹ ਇੱਕੋ ਇੱਕ ਫਰੂਟ ਦਾ ਬੂਟਾ ਹੈ ਜਿਸ ਵਿੱਚ ਨਰ ਅਤੇ ਮਾਦਾ ਦੀ ਬਹੁਤ ਮਹੱਤਤਾ ਹੁੰਦੀ ਹੈ।
ਸਹੀ ਪੋਲੀਨੇਸ਼ਨ ਹੋਣ 'ਤੇ ਇੱਕ ਬੂਟੇ ਤੋਂ ਦੋ ਕੁਇੰਟਲ ਤੱਕ ਪੈਦਾਵਾਰ ਹੋਣ ਦਾ ਦਾਅਵਾ ਕਿਸਾਨ ਕਰਦੇ ਹਨ। ਹਰਪ੍ਰੀਤ ਬਰਾੜ ਮੁਤਾਬਕ ਇਸੇ ਕਾਰਨ ਖਜੂਰ ਦੀ ਖੇਤੀ ਵਿੱਚ ਤਕਨੀਕੀ ਜਾਣਕਾਰੀ ਬਹੁਤ ਮਹੱਤਵਪੂਰਨ ਹੈ।
ਘੱਟ ਪਾਣੀ, ਵੱਧ ਆਮਦਨ ਦੀ ਉਮੀਦ

ਖਜੂਰ ਦੀ ਖੇਤੀ ਵੱਲ ਕਿਸਾਨ ਨੂੰ ਖਿੱਚਣ ਵਾਲੀ ਇੱਕ ਵੱਡੀ ਗੱਲ ਇਸ ਵਿੱਚ ਪਾਣੀ ਦੀ ਘੱਟ ਲੋੜ ਹੈ। ਹਰਪ੍ਰੀਤ ਬਰਾੜ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਆਉਣਾ ਚਾਹੁੰਦੇ ਹਨ, ਪਰ ਬਦਲਵੀਂ ਖੇਤੀ ਲਈ ਸ਼ੁਰੂਆਤੀ ਲਾਗਤ ਵੱਡੀ ਰੁਕਾਵਟ ਬਣਦੀ ਹੈ।
ਉਹ ਦੱਸਦੇ ਹਨ, "ਖਜੂਰ ਨੂੰ ਪਾਣੀ ਦੀ ਘੱਟ ਤੋਂ ਘੱਟ ਜ਼ਰੂਰਤ ਹੁੰਦੀ ਹੈ ਅਤੇ ਆਮਦਨ ਵੱਧ ਹੁੰਦੀ ਹੈ। ਜੇਕਰ ਖਜੂਰ ਦੇ ਬੂਟਿਆਂ ਦੀ ਪੋਲੀਨੇਸ਼ਨ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਇਸ ਦੀ ਇਨਕਮ ਕਣਕ-ਝੋਨੇ ਤੋਂ ਤਿੰਨ ਗੁਣਾ ਵੱਧ ਮਿਲ ਸਕਦੀ ਹੈ।"
ਉਨ੍ਹਾਂ ਮੁਤਾਬਕ ਇਹੀ ਕਾਰਨ ਹੈ ਕਿ ਪੰਜਾਬ ਵਿੱਚ ਖਜੂਰ ਦੀ ਖੇਤੀ ਨੂੰ ਸਰਕਾਰੀ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ।
ਰਾਜਸਥਾਨ ਦੀ ਸਬਸਿਡੀ ਨੇ ਵਧਾਈ ਖਜੂਰ ਦੀ ਖੇਤੀ

ਹਰਪ੍ਰੀਤ ਬਰਾੜ ਨੂੰ ਖਜੂਰ ਦੀ ਵੱਡੇ ਪੱਧਰ 'ਤੇ ਖੇਤੀ ਕਰਨ ਲਈ ਰਾਜਸਥਾਨ ਤੋਂ ਪ੍ਰੇਰਣਾ ਮਿਲੀ।
ਉਹ ਪਿੰਡ ਦੇ ਤਿੰਨ-ਚਾਰ ਵਿਅਕਤੀਆਂ ਨੂੰ ਰਾਜਸਥਾਨ ਲੈ ਕੇ ਗਏ, ਜਿੱਥੇ ਖਜੂਰਾਂ ਦੀ ਖੇਤੀ ਹੁੰਦੀ ਹੈ। ਉੱਥੋਂ ਉਨ੍ਹਾਂ ਨੂੰ ਇਸ ਖੇਤੀ ਦੀ ਟ੍ਰੇਨਿੰਗ ਮਿਲੀ।
ਕਿਸਾਨ ਮੁਤਾਬਕ ਰਾਜਸਥਾਨ ਸਰਕਾਰ ਵੱਲੋਂ ਖਜੂਰ ਦੇ ਬੂਟਿਆਂ 'ਤੇ ਸਬਸਿਡੀ ਦਿੱਤੀ ਜਾਂਦੀ ਹੈ। ਇਸ ਕਾਰਨ ਉੱਥੇ ਖਜੂਰ ਦੇ ਬਾਗ਼ ਵੱਡੇ ਪੱਧਰ 'ਤੇ ਲੱਗੇ ਹਨ ਅਤੇ ਖਾਲ੍ਹੀ ਪਈਆਂ ਜ਼ਮੀਨਾਂ ਵੀ ਆਬਾਦ ਹੋਈਆਂ ਹਨ।
ਇਸੇ ਮਾਮਲੇ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਅਬੋਹਰ ਦੇ ਸੀਨੀਅਰ ਬਾਗ਼ਵਾਨੀ ਵਿਗਿਆਨੀ ਡਾ. ਅਨਿਲ ਕਾਮਰਾ ਮੁਤਾਬਕ ਰਾਜਸਥਾਨ ਸਰਕਾਰ ਵੱਲੋਂ ਕਿਸਾਨਾਂ ਨੂੰ 90 ਫ਼ੀਸਦੀ ਸਬਸਿਡੀ 'ਤੇ ਬੂਟੇ ਦਿੱਤੇ ਗਏ ਸਨ।
ਡਾ. ਕਾਮਰਾ ਦੱਸਦੇ ਹਨ, "ਰਾਜਸਥਾਨ ਸਰਕਾਰ ਵੱਲੋਂ ਕਿਸਾਨਾਂ ਨੂੰ 90% ਸਬਸਿਡੀ 'ਤੇ ਬੂਟੇ ਦਿੱਤੇ ਗਏ ਸਨ ਅਤੇ ਇੱਕ ਬੂਟੇ ਦੀ ਕੀਮਤ 300 ਰੁਪਏ ਦੇ ਕਰੀਬ ਕਿਸਾਨ ਨੂੰ ਪੈਂਦੀ ਸੀ, ਜਿਸ ਕਾਰਨ ਰਾਜਸਥਾਨ ਵਿੱਚ ਖਜੂਰਾਂ ਦੇ ਬਾਗ਼ ਵਧੇਰੇ ਹੁੰਦੇ ਹਨ।"
ਉਨ੍ਹਾਂ ਮੁਤਾਬਕ ਪੰਜਾਬ ਵਿੱਚ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ, ਪਰ ਖਜੂਰ ਦੇ ਬੂਟਿਆਂ ਉੱਪਰ ਇਹ ਸਬਸਿਡੀ ਤੈਅ ਨਹੀਂ ਕੀਤੀ ਜਾਂਦੀ। ਜੇ ਬੂਟਿਆਂ ਉੱਪਰ ਸਬਸਿਡੀ ਤੈਅ ਕਰ ਦਿੱਤੀ ਜਾਵੇ ਤਾਂ ਪੰਜਾਬ ਵਿੱਚ ਵੀ ਖਜੂਰ ਦੀ ਖੇਤੀ ਦਾ ਰੁਝਾਨ ਵਧ ਸਕਦਾ ਹੈ।
ਬਿਨਾਂ ਸਬਸਿਡੀ ਇੱਕ ਬੂਟਾ ਕਰੀਬ 5 ਹਜ਼ਾਰ ਰੁਪਏ ਦਾ ਪੈਂਦਾ ਹੈ। ਇਸ ਕਾਰਨ ਵੱਡੇ ਰਕਬੇ ਵਿੱਚ ਬਾਗ਼ ਲਗਾਉਣ ਵਾਲੇ ਕਿਸਾਨ ਲਈ ਸ਼ੁਰੂਆਤੀ ਖਰਚਾ ਕਾਫ਼ੀ ਵੱਧ ਜਾਂਦਾ ਹੈ।
ਹਰਪ੍ਰੀਤ ਬਰਾੜ ਵੀ ਇਸੇ ਨੂੰ ਸਭ ਤੋਂ ਵੱਡੀ ਰੁਕਾਵਟ ਦੱਸਦੇ ਹਨ। ਉਹ ਕਹਿੰਦੇ ਹਨ, "ਪੰਜਾਬ ਸਰਕਾਰ ਵੱਲੋਂ ਖਜੂਰ ਦੇ ਬੂਟਿਆਂ ਉੱਤੇ ਕੋਈ ਵੀ ਸਬਸਿਡੀ ਨਾ ਹੋਣ ਕਾਰਨ ਲੋਕ ਕਣਕ ਅਤੇ ਝੋਨੇ ਦੀ ਫ਼ਸਲ ਵਿੱਚ ਫਸੇ ਹਨ।"
ਪੰਜਾਬ ਦੇ 6 ਤੋਂ 7 ਜ਼ਿਲ੍ਹਿਆਂ ਵਿੱਚ ਹੋ ਸਕਦੀ ਹੈ ਖੇਤੀ

ਡਾ. ਕਾਮਰਾ ਮੁਤਾਬਕ ਪੰਜਾਬ ਦੇ ਛੇ ਤੋਂ ਸੱਤ ਜ਼ਿਲ੍ਹਿਆਂ ਵਿੱਚ ਹਿਲਾਵੀ ਅਤੇ ਬਰੀ ਕਿਸਮ ਦੀਆਂ ਖਜੂਰਾਂ ਦੀ ਖੇਤੀ ਹੋ ਸਕਦੀ ਹੈ।
ਉਹ ਦੱਸਦੇ ਹਨ, "ਇਹ ਖਜੂਰਾਂ ਗਲ਼ ਨਹੀਂ ਫੜਦੀਆਂ ਕਿਉਂਕਿ ਪੂਰੇ ਭਾਰਤ ਵਿੱਚ ਕੱਚੀ ਖਜੂਰ ਨੂੰ ਖਾਧਾ ਜਾਂਦਾ ਹੈ। ਇਹ ਲੇਟ ਪੱਕਣ ਵਾਲੀ ਵਰਾਇਟੀ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਇਹਨਾਂ ਦੋਵਾਂ ਵਰਾਇਟੀਆਂ ਦੀ ਹੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।"
ਬੀਜ ਤੋਂ ਬੂਟੇ ਲਗਾਉਣ ਵਿੱਚ 50 ਫ਼ੀਸਦੀ ਨਰ ਨਿਕਲਣ ਦਾ ਖ਼ਤਰਾ

ਡਾ. ਕਾਮਰਾ ਮੁਤਾਬਕ ਬੀਜਾਂ ਰਾਹੀਂ ਤਿਆਰ ਕੀਤੇ ਖਜੂਰ ਦੇ ਬੂਟਿਆਂ ਵਿੱਚੋਂ 50 ਫ਼ੀਸਦੀ ਬੂਟੇ ਨਰ ਨਿਕਲਦੇ ਹਨ, ਜਿਨ੍ਹਾਂ ਨੂੰ ਫਲ ਨਹੀਂ ਲੱਗਦਾ। ਇਸ ਲਈ ਵਪਾਰਕ ਪੱਧਰ 'ਤੇ ਖਜੂਰ ਦੀ ਖੇਤੀ ਲਈ ਬੀਜ ਤੋਂ ਬੂਟੇ ਤਿਆਰ ਕਰਨਾ ਸਹੀ ਤਰੀਕਾ ਨਹੀਂ ਹੈ।
ਉਨ੍ਹਾਂ ਦੀ ਸਲਾਹ ਹੈ ਕਿ ਕਿਸਾਨ ਬੂਟਾ ਖਰੀਦਣ ਤੋਂ ਪਹਿਲਾਂ ਉਸ ਦੀ ਵਰਾਇਟੀ ਅਤੇ ਮੂਲ ਬੂਟੇ 'ਤੇ ਲੱਗਿਆ ਫਲ ਜ਼ਰੂਰ ਵੇਖਣ। ਚੰਗੀ ਵਰਾਇਟੀ ਦੇ ਬੂਟਿਆਂ ਤੋਂ ਹੀ ਅੱਗੇ ਬੂਟੇ ਲੈਣੇ ਚਾਹੀਦੇ ਹਨ।
ਡਾ. ਕਾਮਰਾ ਮੁਤਾਬਕ ਇੱਕ ਖਜੂਰ ਦਾ ਬੂਟਾ ਤਿੰਨ ਤੋਂ ਚਾਰ ਸਾਲ ਹੋਰ ਬੂਟੇ ਦਿੰਦਾ ਹੈ। ਇਨ੍ਹਾਂ ਤੋਂ ਬੂਟੇ ਲੈ ਕੇ ਅੱਗੇ ਲਗਾਏ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਅਗਸਤ-ਸਤੰਬਰ ਦੇ ਮਹੀਨੇ ਵਿੱਚ ਲਗਾਉਣਾ ਚਾਹੀਦਾ ਹੈ।
ਟਿਸ਼ੂ ਕਲਚਰ ਬੂਟਿਆਂ ਦਾ ਬਦਲ

ਖਜੂਰ ਦੇ ਟਿਸ਼ੂ ਕਲਚਰ ਬੂਟਿਆਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਡਾ. ਕਾਮਰਾ ਮੁਤਾਬਕ ਗੁਜਰਾਤ ਦੀਆਂ ਕੁਝ ਕੰਪਨੀਆਂ ਟਿਸ਼ੂ ਕਲਚਰ ਬੂਟੇ ਦਿੰਦੀਆਂ ਹਨ ਅਤੇ ਇਨ੍ਹਾਂ ਬੂਟਿਆਂ ਦੇ ਘੱਟ ਮਰਨ ਦੀ ਸੰਭਾਵਨਾ ਹੁੰਦੀ ਹੈ।
ਉਹ ਕਿਸਾਨਾਂ ਨੂੰ ਸਲਾਹ ਦਿੰਦੇ ਹਨ ਕਿ ਜੇ ਟਿਸ਼ੂ ਕਲਚਰ ਰਾਹੀਂ ਬੂਟੇ ਲਗਾਉਣੇ ਹਨ ਤਾਂ ਚੰਗੀਆਂ ਕੰਪਨੀਆਂ ਨਾਲ ਸੰਪਰਕ ਕਰਕੇ ਹੀ ਬੂਟੇ ਲਏ ਜਾਣ।
ਖਜੂਰ ਦੀ ਖੇਤੀ ਵਿੱਚ ਫਲ ਤਿਆਰ ਹੋਣ ਤੋਂ ਬਾਅਦ ਇਸ ਦੀ ਕਟਾਈ ਵੀ ਵੱਡੀ ਚੁਣੌਤੀ ਹੈ।
ਪਿੰਡ ਖਿੱਪਾਂਵਾਲੀ ਦੇ ਪਾਲਾ ਰਾਮ ਦੱਸਦੇ ਹਨ ਕਿ ਉਹ ਇੱਕ ਦਿਨ ਵਿੱਚ ਤਿੰਨ ਤੋਂ 400 ਕੁਇੰਟਲ ਖਜੂਰਾਂ ਦੀ ਕਟਾਈ ਅਤੇ ਲਦਾਈ ਕਰਦੇ ਹਨ। ਉਨ੍ਹਾਂ ਮੁਤਾਬਕ ਇਹ ਕੰਮ ਕਰੀਬ 20 ਦਿਨ ਚੱਲਦਾ ਹੈ।
ਪਾਲਾ ਰਾਮ ਦੱਸਦੇ ਹਨ, "ਖਜੂਰ ਦੀ ਕਟਾਈ ਕਰਨਾ ਇੱਕ ਮੁਸ਼ਕਲ ਕੰਮ ਹੈ। ਥੱਲੇ ਖੜ੍ਹੇ ਆਦਮੀਆਂ ਨੂੰ 20 ਕਿਲੋ ਦੇ ਇੱਕ ਗੁੱਛੇ ਦਾ ਵਜ਼ਨ ਫੜਨ ਵਿੱਚ ਮੁਸ਼ਕਲ ਆਉਂਦੀ ਹੈ। ਖਜੂਰ ਦੇ ਕੰਡੇ ਵੀ ਬਹੁਤ ਹੁੰਦੇ ਹਨ, ਜਿਸ ਨਾਲ ਇਸ ਉੱਪਰ ਚੜ੍ਹਨ ਅਤੇ ਉਤਰਨ ਵਿੱਚ ਵੀ ਮੁਸ਼ਕਲ ਆਉਂਦੀ ਹੈ।"
ਉਨ੍ਹਾਂ ਮੁਤਾਬਕ ਖਜੂਰ ਦੇ ਬੂਟਿਆਂ ਉੱਪਰ ਸੱਪ ਅਤੇ ਗੋਹ ਵੀ ਚੜ੍ਹਦੇ ਹਨ। ਕਟਾਈ ਤੋਂ ਬਾਅਦ ਖਜੂਰ ਦੀ ਛਾਂਟੀ ਕੀਤੀ ਜਾਂਦੀ ਹੈ ਅਤੇ ਫਿਰ 10 ਕਿਲੋ ਦੀ ਪੈਕਿੰਗ ਕੀਤੀ ਜਾਂਦੀ ਹੈ।
ਉਹ ਅੱਗੇ ਦੱਸਦੇ ਹਨ, "ਅਸੀਂ 10 ਤੋਂ 15 ਜਣੇ ਰਲ ਕੇ ਦਿਹਾੜੀ 'ਤੇ ਕੰਮ ਕਰਦੇ ਹਾਂ। ਪੋਲੀਨੇਸ਼ਨ ਸਮੇਂ ਸਭ ਤੋਂ ਪਹਿਲਾਂ ਖਜੂਰ ਦੇ ਕੰਡਿਆਂ ਦੀ ਕਟਾਈ ਕਰਨੀ ਪੈਂਦੀ ਹੈ। ਬੂਟਿਆਂ ਦੀਆਂ ਟਾਹਣੀਆਂ ਥੱਲੇ ਹੋਣ ਕਾਰਨ ਇਨ੍ਹਾਂ ਵਿੱਚ ਹਵਾ ਵੀ ਨਹੀਂ ਲੱਗਦੀ, ਜਿਸ ਕਾਰਨ ਇਹ ਕਟਾਈ ਵਾਲਾ ਕੰਮ ਮੁਸ਼ਕਲ ਭਰਿਆ ਹੁੰਦਾ ਹੈ।"
ਹਰਪ੍ਰੀਤ ਦੱਸਦੇ ਹਨ ਕਿ ਖਜੂਰ ਦੇ ਇੱਕ ਕਿੱਲੇ ਵਿੱਚੋਂ ਕਰੀਬ 4 ਤੋਂ 5 ਲੱਖ ਰੁਪਏ ਦੀ ਆਮਦਨ ਹੋ ਸਕਦੀ ਹੈ ਪਰ ਸਭ ਕੁਝ ਵਧੀਆ ਝਾੜ 'ਤੇ ਨਿਰਭਰ ਕਰਦਾ ਹੈ।
ਇਸ ਤੋਂ ਇਲਾਵਾ ਮੰਡੀਕਰਨ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਵਪਾਰੀ ਉਨ੍ਹਾਂ ਕੋਲੋਂ ਆ ਕੇ ਖਜੂਰਾਂ ਲੈ ਜਾਂਦੇ ਹਨ।
1947 ਦੀ ਵੰਡ ਤੋਂ ਬਾਅਦ ਪੰਜਾਬ ਵਿੱਚ ਘਟੀ ਖਜੂਰ ਦੀ ਮੌਜੂਦਗੀ

ਹਰਪ੍ਰੀਤ ਬਰਾੜ ਮੁਤਾਬਕ ਸਾਲ 1947 ਦੀ ਵੰਡ ਤੋਂ ਪਹਿਲਾਂ ਪੰਜਾਬ ਦੇ ਜਿਸ ਹਿੱਸੇ ਵਿੱਚ ਖਜੂਰਾਂ ਹੁੰਦੀਆਂ ਸਨ, ਉਹ ਹਿੱਸਾ ਵੰਡ ਵੇਲੇ ਪਾਕਿਸਤਾਨ ਵਿੱਚ ਚਲਾ ਗਿਆ। ਇਸ ਤੋਂ ਬਾਅਦ ਸਾਲ 1955 ਵਿੱਚ ਸਰਕਾਰ ਵੱਲੋਂ ਅਬੋਹਰ, ਬੀਕਾਨੇਰ ਅਤੇ ਗੁਜਰਾਤ ਵਿਖੇ ਤਿੰਨ ਸੀਡ ਫਾਰਮ ਖੋਲ੍ਹੇ ਗਏ ਸਨ।
ਉਨ੍ਹਾਂ ਮੁਤਾਬਕ ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਰਾਜਸਥਾਨ ਨੇ ਖਜੂਰ ਲਗਾਉਣ ਦੀ ਪਹਿਲਕਦਮੀ ਕੀਤੀ। ਅਬੋਹਰ ਦੇ ਸੀਡ ਫਾਰਮ ਵਿੱਚ ਡਾ. ਅਨਿਲ ਕਾਮਰਾ ਖਜੂਰ ਦੀ ਖੇਤੀ ਸਬੰਧੀ ਕੰਮ ਕਰ ਰਹੇ ਹਨ।
ਕਿਸਾਨ ਦੀ ਸਰਕਾਰ ਤੋਂ ਮੰਗ
ਹਰਪ੍ਰੀਤ ਬਰਾੜ ਦਾ ਕਹਿਣਾ ਹੈ ਕਿ ਖਜੂਰ ਵਰਗੀ ਘੱਟ ਪਾਣੀ ਵਾਲੀ ਫ਼ਸਲ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਲਈ ਮਦਦਗਾਰ ਹੋ ਸਕਦੀ ਹੈ। ਪਰ ਇਸ ਲਈ ਕਿਸਾਨ ਨੂੰ ਸ਼ੁਰੂਆਤੀ ਲਾਗਤ ਤੋਂ ਰਾਹਤ ਦੇਣੀ ਪਵੇਗੀ।
ਉਨ੍ਹਾਂ ਦਾ ਕਹਿਣਾ ਹੈ, "ਸਰਕਾਰ ਨੂੰ ਰਾਜਸਥਾਨ ਵਾਂਗ ਖਜੂਰ ਦੇ ਬੂਟਿਆਂ ਉੱਪਰ ਸਬਸਿਡੀ ਦੇ ਕੇ ਪੰਜਾਬ ਵਿੱਚ ਖਜੂਰ ਦੀ ਖੇਤੀ ਕਰਵਾਉਣੀ ਚਾਹੀਦੀ ਹੈ। ਇਸ ਨਾਲ ਪੰਜਾਬ ਦਾ ਵਾਟਰ ਲੈਵਲ ਵੀ ਉੱਪਰ ਆ ਸਕਦਾ ਹੈ ਅਤੇ ਕਿਸਾਨਾਂ ਨੂੰ ਕਣਕ-ਝੋਨੇ ਤੋਂ ਤਿੰਨ ਗੁਣਾ ਵੱਧ ਇਨਕਮ ਹੋ ਸਕਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



























